ਬੇਤਵਾ ਨਦੀ ‘ਤੇ ਬਣ ਰਹੇ ਪੁਲ ਦਾ ਹਿੱਸਾ ਡਿੱਗਿਆ, 6 ਮਜ਼ਦੂਰਾਂ ਦੀ ਜਾਨ ਗਈ

ਬੇਤਵਾ ਨਦੀ ‘ਤੇ ਬਣ ਰਹੇ ਪੁਲ ਦਾ ਹਿੱਸਾ ਡਿੱਗਿਆ, 6 ਮਜ਼ਦੂਰਾਂ ਦੀ ਜਾਨ ਗਈ

ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿੱਚ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਤੇਜ਼ ਤੂਫਾਨ ਕਾਰਨ ਨਿਰਮਾਣ ਅਧੀਨ ਪੁਲ ਦੀ ਸਲੈਬ ਡਿੱਗਣ ਨਾਲ ਛੇ ਮਜ਼ਦੂਰਾਂ ਦੀ ਮੌਤ ਹੋ ਗਈ। ਹਾਦਸੇ ਦੌਰਾਨ ਕਈ ਮਜ਼ਦੂਰ ਮਲਬੇ ਹੇਠ ਦੱਬ ਗਏ ਸਨ। ਮਿਲੀ ਜਾਣਕਾਰੀ ਅਨੁਸਾਰ, ਹਮੀਰਪੁਰ ਦੇ ਮੋਰਕੰਦਰ ਪਿੰਡ ਅਤੇ ਕੁਰਾਰਾ ਪਿੰਡ ਨੂੰ ਜੋੜਨ ਲਈ ਬੇਤਵਾ ਨਦੀ ਉੱਤੇ ਪੁਲ ਦਾ ਨਿਰਮਾਣ ਕੰਮ ਚੱਲ ਰਿਹਾ ਸੀ। ਇਸ ਦੌਰਾਨ ਦੇਰ ਰਾਤ ਆਏ ਤੇਜ਼ ਤੂਫਾਨ ਅਤੇ ਮੀਂਹ ਕਾਰਨ ਪੁਲ ਦੀ ਇੱਕ ਸਲੈਬ ਅਚਾਨਕ ਢਹਿ ਗਈ। ਹਾਦਸੇ ਸਮੇਂ ਕੁਝ ਮਜ਼ਦੂਰ ਹੇਠਾਂ ਸੁੱਤੇ ਹੋਏ ਸਨ, ਜੋ ਮਲਬੇ ਹੇਠ ਦੱਬ ਗਏ। ਇਸ ਹਾਦਸੇ ਵਿੱਚ ਮਾਰੇ ਗਏ ਛੇ ਮਜ਼ਦੂਰਾਂ ਵਿੱਚੋਂ ਚਾਰ ਬਾਂਦਾ ਜ਼ਿਲ੍ਹੇ ਅਤੇ ਦੋ ਹਮੀਰਪੁਰ ਦੇ ਵਸਨੀਕ ਦੱਸੇ ਜਾ ਰਹੇ ਹਨ। ਹਾਦਸੇ ਤੋਂ ਬਾਅਦ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਲਗਭਗ ਸਾਢੇ ਸੱਤ ਘੰਟੇ ਤੱਕ ਚੱਲੇ ਰਾਹਤ ਅਤੇ ਬਚਾਅ ਅਭਿਆਨ ਦੌਰਾਨ ਮਲਬੇ ਹੇਠ ਫਸੇ ਤਿੰਨ ਹੋਰ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਮੌਸਮ ਵਿਭਾਗ ਦੇ ਅਨੁਸਾਰ, ਬੀਤੀ ਰਾਤ ਹਮੀਰਪੁਰ ਵਿੱਚ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ ਚੱਲਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਭਾਜਪਾ ਸੰਸਦ ਮੈਂਬਰ ਬ੍ਰਿਜਲਾਲ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।