ਕੈਨੇਡਾ ਨਹੀਂ ਬਣੇਗਾ ਯੂਰਪੀ ਯੂਨੀਅਨ ਦਾ ਮੈਂਬਰ: ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਟਕਲਾਂ 'ਤੇ ਲਾਇਆ ਬ੍ਰੇਕ

ਕੈਨੇਡਾ ਨਹੀਂ ਬਣੇਗਾ ਯੂਰਪੀ ਯੂਨੀਅਨ ਦਾ ਮੈਂਬਰ: ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਟਕਲਾਂ 'ਤੇ ਲਾਇਆ ਬ੍ਰੇਕ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪੀ ਯੂਨੀਅਨ (EU) ਵਿੱਚ ਸ਼ਾਮਲ ਹੋਣ ਦੀਆਂ ਚੱਲ ਰਹੀਆਂ ਅਟਕਲਾਂ 'ਤੇ ਵਿਰਾਮ ਲਗਾਉਂਦੇ ਹੋਏ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਯੂਰਪੀ ਯੂਨੀਅਨ ਦਾ ਮੈਂਬਰ ਬਣਨ ਦੀ ਕੋਈ ਇੱਛਾ ਨਹੀਂ ਰੱਖਦਾ। ਟੋਰਾਂਟੋ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡਾ ਮੈਂਬਰਸ਼ਿਪ ਦੀ ਬਜਾਏ ਯੂਰਪੀ ਯੂਨੀਅਨ ਨਾਲ ਇੱਕ ਵਿਲੱਖਣ, ਮਜ਼ਬੂਤ ਅਤੇ ਇਤਿਹਾਸਕ ਭਾਈਵਾਲੀ ਕਾਇਮ ਕਰਨ ਲਈ ਗੱਲਬਾਤ ਦੀ ਸ਼ੁਰੂਆਤ ਕਰੇਗਾ। ਪ੍ਰਧਾਨ ਮੰਤਰੀ ਕਾਰਨੀ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਅਤੇ ਯੂਰਪੀ ਦੇਸ਼ਾਂ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ, ਤਰਜੀਹਾਂ ਅਤੇ ਕਈ ਮਹੱਤਵਪੂਰਨ ਖੇਤਰਾਂ ਵਿੱਚ ਆਰਥਿਕ ਤੇ ਰਣਨੀਤਕ ਹਿੱਤ ਇੱਕ-ਦੂਜੇ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਿਸ਼ਵ ਪੱਧਰ 'ਤੇ ਵਧ ਰਹੀ ਅਸੁਰੱਖਿਆ ਅਤੇ ਵੰਡ ਨੂੰ ਦੇਖਦਿਆਂ, ਸਮਾਨ ਵਿਚਾਰਧਾਰਾ ਵਾਲੇ ਮਿੱਤਰ ਦੇਸ਼ਾਂ ਨੂੰ ਇੱਕ-ਦੂਜੇ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਣ ਦੀ ਲੋੜ ਹੈ। ਇਸ ਤੋਂ ਪਹਿਲਾਂ ਮੀਡੀਆ ਵਿੱਚ ਕੈਨੇਡਾ ਵੱਲੋਂ ਯੂਰਪੀ ਯੂਨੀਅਨ ਨਾਲ ਨੇੜਤਾ ਵਧਾਉਣ ਦੇ ਯਤਨਾਂ ਨੂੰ ਲੈ ਕੇ ਇਹ ਚਰਚਾ ਜੋਰਾਂ 'ਤੇ ਸੀ ਕਿ ਕੈਨੇਡਾ ਕਿਸੇ ਵਿਸ਼ੇਸ਼ ਦਰਜੇ (Special Status) ਜਾਂ ਸਹਿਯੋਗੀ ਮੈਂਬਰ ਦੇ ਰੂਪ ਵਿੱਚ ਯੂਨੀਅਨ ਨਾਲ ਜੁੜ ਸਕਦਾ ਹੈ। ਹਾਲਾਂਕਿ, ਕੈਨੇਡੀਅਨ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਅਜਿਹੀਆਂ ਰਿਪੋਰਟਾਂ ਨੂੰ ਖਾਰਜ ਕਰਦਿਆਂ ਇਨ੍ਹਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤੀਆਂ ਗਈਆਂ ਗੱਲਾਂ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਯੂਰਪੀ ਯੂਨੀਅਨ ਪਹਿਲਾਂ ਹੀ ਰੱਖਿਆ, ਸੁਰੱਖਿਆ ਅਤੇ ਹੋਰ ਰਣਨੀਤਕ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਹੋਰ ਵਧਾਉਣ ਲਈ ਕਈ ਅਹਿਮ ਸਮਝੌਤਿਆਂ 'ਤੇ ਦਸਤਖਤ ਕਰ ਚੁੱਕੇ ਹਨ। ਆਪਣੇ ਯੂਰਪੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਇਸੇ ਹਫ਼ਤੇ ਯੂਰਪੀ ਸੰਸਦ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ, ਅਕਤੂਬਰ ਦੇ ਅਖੀਰ ਵਿੱਚ ਕੈਨੇਡਾ ਵਿੱਚ ਇੱਕ ਉੱਚ-ਪੱਧਰੀ ਕੈਨੇਡਾ-ਯੂਰਪੀ ਯੂਨੀਅਨ ਸਿਖਰ ਬੈਠਕ (Summit) ਦਾ ਆਯੋਜਨ ਹੋਣ ਦੀ ਵੀ ਪੂਰੀ ਉਮੀਦ ਹੈ।