ਕੈਨੇਡਾ ਵਿੱਚ ਪੰਜਾਬੀਆਂ ਦਾ ਮਾਣ ਵਧਿਆ: ਹਰਕੀਰਤ ਸਿੰਘ ਲਗਾਤਾਰ ਦੂਜੀ ਵਾਰ ਬਰੈਂਪਟਨ ਦੇ ਡਿਪਟੀ ਮੇਅਰ ਬਣੇ

ਕੈਨੇਡਾ ਵਿੱਚ ਪੰਜਾਬੀਆਂ ਦਾ ਮਾਣ ਵਧਿਆ: ਹਰਕੀਰਤ ਸਿੰਘ ਲਗਾਤਾਰ ਦੂਜੀ ਵਾਰ ਬਰੈਂਪਟਨ ਦੇ ਡਿਪਟੀ ਮੇਅਰ ਬਣੇ

ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਵਾਰਡ 9 ਅਤੇ 10 ਤੋਂ ਕੌਂਸਲਰ ਦੀ ਚੋਣ ਜਿੱਤਣ ਵਾਲੇ ਹਰਕੀਰਤ ਸਿੰਘ ਨੂੰ ਮੁੜ ਬਰੈਂਪਟਨ ਦਾ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਉਨ੍ਹਾਂ ਨੂੰ ਸ਼ਹਿਰ ਦੇ ਇਸ ਅਹਿਮ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਹਰਕੀਰਤ ਸਿੰਘ ਦੀ ਨਿਯੁਕਤੀ ਦਾ ਅਧਿਕਾਰਤ ਐਲਾਨ ਕਰਦਿਆਂ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੀ ਸ਼ਲਾਘਾ ਕੀਤੀ। ਮੇਅਰ ਬਰਾਊਨ ਨੇ ਕਿਹਾ ਕਿ ਜਿਸ ਤਰ੍ਹਾਂ ਹਰਕੀਰਤ ਸਿੰਘ ਨੇ ਆਪਣੀ ਪਿਛਲੀ ਟਰਮ (2022-26) ਦੌਰਾਨ ਆਪਣੇ ਵਾਰਡ ਵਿੱਚ ਬੇਹਤਰੀਨ ਸੇਵਾਵਾਂ ਨਿਭਾਈਆਂ ਹਨ, ਉਸ ਦੇ ਬਦਲੇ ਉੱਥੋਂ ਦੇ ਵੋਟਰਾਂ ਨੇ ਉਨ੍ਹਾਂ 'ਤੇ ਮੁੜ ਭਰੋਸਾ ਪ੍ਰਗਟਾਉਂਦਿਆਂ ਜਿਤਾ ਕੇ ਹਾਊਸ ਵਿੱਚ ਭੇਜਿਆ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਦੇ ਇਸ ਭਰੋਸੇ ਅਤੇ ਹਰਕੀਰਤ ਸਿੰਘ ਦੀਆਂ ਪਿਛਲੀਆਂ ਸ਼ਾਨਦਾਰ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਉਨ੍ਹਾਂ ਨੂੰ ਦੁਬਾਰਾ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਹੈ। ਨਵੀਂ ਜ਼ਿੰਮੇਵਾਰੀ ਤਹਿਤ ਹਰਕੀਰਤ ਸਿੰਘ ਮੇਅਰ ਦੀ ਗੈਰ-ਹਾਜ਼ਰੀ ਦੌਰਾਨ ਹਾਊਸ ਦੀ ਕਾਰਵਾਈ ਦੀ ਪ੍ਰਧਾਨਗੀ ਕਰਨਗੇ। ਇਸ ਦੇ ਨਾਲ ਹੀ ਉਹ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਨਵੀਆਂ ਨੀਤੀਆਂ ਤਿਆਰ ਕਰਨ ਵਿੱਚ ਮੇਅਰ ਪੈਟਰਿਕ ਬਰਾਊਨ ਨੂੰ ਆਪਣਾ ਅਹਿਮ ਸਹਿਯੋਗ ਦੇਣਗੇ। ਜ਼ਿਕਰਯੋਗ ਹੈ ਕਿ ਕੌਂਸਲਰ ਬਣਨ ਅਤੇ ਸਰਗਰਮ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਹਰਕੀਰਤ ਸਿੰਘ ਇਸੇ ਵਾਰਡ ਤੋਂ ਸਕੂਲ ਟਰੱਸਟੀ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ, ਸਿਆਸੀ ਖੇਤਰ ਵਿੱਚ ਕਦਮ ਰੱਖਣ ਤੋਂ ਪਹਿਲਾਂ ਉਹ ਟੋਰਾਂਟੋ ਖੇਤਰ ਦੇ ਦੋ ਕਾਲਜਾਂ ਵਿੱਚ ਅਧਿਆਪਕ ਵਜੋਂ ਪੜ੍ਹਾਉਂਦੇ ਵੀ ਰਹੇ ਹਨ। ਉਨ੍ਹਾਂ ਦੀ ਇਸ ਮੁੜ ਨਿਯੁਕਤੀ ਨਾਲ ਸਥਾਨਕ ਭਾਈਚਾਰੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ।