Daily Suraj

ਪੰਜਾਬੀ

ਭੂਟਾਨ 'ਚ ਸੀ ਭੂਚਾਲ ਦਾ ਕੇਂਦਰ: ਗੁਹਾਟੀ ਸਮੇਤ ਪੂਰਬ-ਉੱਤਰ ਦੇ ਕਈ ਹਿੱਸਿਆਂ ਵਿੱਚ ਕੰਬੀ ਧਰਤੀ, ਲੋਕ ਘਰਾਂ ਤੋਂ ਬਾਹਰ ਨਿਕਲੇ

19 Sep, 2026 05:21 PM

ਭਾਰਤ ਦੇ ਉੱਤਰ-ਪੂਰਬੀ ਖੇਤਰ ਦੇ ਕਈ ਹਿੱਸਿਆਂ ਵਿੱਚ ਸ਼ਨੀਵਾਰ ਸ਼ਾਮ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 4.9 ਦਰਜ ਕੀਤੀ ਗਈ ਹੈ। ਇਹ ਝਟਕੇ ਸ਼ਾਮ 4:01 ਵਜੇ ਦੇ ਕਰੀਬ ਆਏ, ਜਿਸ ਨਾਲ ਕੁਝ ਸਮੇਂ ਲਈ ਇਲਾਕੇ ਵਿੱਚ ਹਲਚਲ ਮਚ ਗਈ। ਕੌਮੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਦਾ ਮੁੱਖ ਕੇਂਦਰ ਗੁਆਂਢੀ ਦੇਸ਼ ਭੂਟਾਨ ਦੇ ਗਿਆਲਪੋਜ਼ਿੰਗ ਤੋਂ ਲਗਭਗ ਤਿੰਨ ਕਿਲੋਮੀਟਰ ਦੂਰ ਸਥਿਤ ਸੀ। ਇਹ ਜ਼ਮੀਨੀ ਸਤਹ ਤੋਂ ਮਹਿਜ਼ 5 ਕਿਲੋਮੀਟਰ ਦੀ ਡੂੰਘਾਈ 'ਚ ਦਰਜ ਕੀਤਾ ਗਿਆ। ਘੱਟ ਡੂੰਘਾਈ ਕਾਰਨ ਇਸ ਦੇ ਝਟਕੇ ਸਰਹੱਦ ਪਾਰ ਭਾਰਤੀ ਖੇਤਰਾਂ, ਵਿਸ਼ੇਸ਼ ਤੌਰ 'ਤੇ ਗੁਹਾਟੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਸਾਫ਼ ਤੌਰ 'ਤੇ ਮਹਿਸੂਸ ਕੀਤੇ ਗਏ।ਝਟਕੇ ਮਹਿਸੂਸ ਹੁੰਦੇ ਹੀ ਸਥਾਨਕ ਲੋਕਾਂ ਵਿੱਚ ਕੁਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਬਚਾਅ ਲਈ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਖੁੱਲ੍ਹੀਆਂ ਥਾਵਾਂ 'ਤੇ ਆ ਗਏ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਇਤਲਾਹ ਨਹੀਂ ਹੈ।ਘਟਨਾ ਤੋਂ ਬਾਅਦ ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਟੀਮਾਂ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਭੂਗੋਲਿਕ ਖੇਤਰ ਪਹਿਲਾਂ ਵੀ ਭੂਚਾਲੀ ਗਤੀਵਿਧੀਆਂ ਲਈ ਸੰਵੇਦਨਸ਼ੀਲ ਰਿਹਾ ਹੈ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਨਾਲ ਸ਼ਾਂਤ ਅਤੇ ਨਿਯੰਤਰਣ ਵਿੱਚ ਹੈ।

Posted By: Daily Suraj Bureau

Latest News