ਹਿਮਾਚਲ ਪ੍ਰਦੇਸ਼ ਵਿਚ 14 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ
- ਦੇਸ਼
- 08 Jul,2025

ਸ਼ਿਮਲਾ, 8 ਜੁਲਾਈ- ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਅੱਠ ਜ਼ਿਲ੍ਹਿਆਂ ਵਿਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਦੇ ਨਾਲ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਮੁਤਾਬਕ ਸ਼ਿਮਲਾ, ਕਾਂਗੜਾ, ਸੋਲਨ, ਕੁੱਲੂ, ਮੰਡੀ, ਸਿਰਮੌਰ, ਚੰਬਾ ਤੇ ਊਨਾ ਜ਼ਿਲ੍ਹਿਆਂ ਵਿਚ ਨਦੀ ਨਾਲਿਆਂ ’ਚ ਅਚਾਨਕ ਹੜ੍ਹ ਆਉਣ ਦਾ ਹਲਕੇ ਤੋਂ ਦਰਮਿਆਨ ਜੋਖ਼ਮ ਹੈ। ਵਿਭਾਗ ਨੇ ਮੀਂਹ ਤੇ ਹੜ੍ਹਾਂ ਕਰਕੇ ਢਿੱਗਾਂ ਡਿੱਗਣ, ਜ਼ਮੀਨ ਖੁਰਣ ਤੇ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਦਾ ਵੀ ਖਦਸ਼ਾ ਪ੍ਰਗਟਾਇਆ ਹੈ।
ਵਿਭਾਗ ਨੇ 14 ਜੁਲਾਈ ਤੱਕ ਪੀਲਾ ਅਲਰਟ ਜਾਰੀ ਕਰਦਿਆਂ ਉਪਰੋਕਤ ਅੱਠ ਜ਼ਿਲ੍ਹਿਆਂ ਵਿਚ 8 ਤੋਂ 14 ਜੁਲਾਈ ਦਰਮਿਆਨ ਇੱਕਾ ਦੁੱਕਾ ਥਾਵਾਂ ’ਤੇ ਹਲਕੇ ਤੋਂ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਵਿਚ ਸੂਬੇ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀਆਂ ਰਿਪੋਰਟਾਂ ਹਨ। ਸਿਰਮੌਰ ਦੇ ਪੱਛੜ ਵਿਚ 110 ਮਿਲੀਮੀਟਰ ਮੀਂਹ ਪਿਆ ਹੈ। ਇਸੇ ਤਰ੍ਹਾਂ ਮੰਡੀ ਦੇ ਗੌਹਰ ਵਿਚ 90 ਮਿਲੀਮੀਟਰ, ਬੈਜਨਾਥ 60 ਮਿਲੀਮੀਟਰ, ਨਾਹਨ 54.2 ਮਿਲੀਮੀਟਰ, ਕਸੌਲੀ 40 ਮਿਲੀਮੀਟਰ, ਸੋਲਨ ਦੇ ਰਾਜਗੜ੍ਹ ਵਿਚ 30 ਮਿਲੀਮੀਟਰ, ਸ਼ਿਮਲਾ 19 ਮਿਲੀਮੀਟਰ, ਕਾਂਗੜਾ 11.9 ਮਿਲੀਮੀਟਰ ਤੇ ਮੰਡੀ ਵਿਚ 11.2 ਮਿਲੀਮੀਟਰ ਮੀਂਹ ਪਿਆ ਹੈ।
Posted By:

Leave a Reply