ਰਾਮਲੀਲਾ ਮੈਦਾਨ, ਬੁਰਾੜੀ ਅਤੇ ਸੀ.ਬੀ.ਡੀ. ਗਰਾਊਂਡ ਬਣੇ ਨਵੇਂ ਪ੍ਰਦਰਸ਼ਨ ਸਥਾਨ; ਦਿੱਲੀ ਪੁਲੀਸ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ

ਰਾਮਲੀਲਾ ਮੈਦਾਨ, ਬੁਰਾੜੀ ਅਤੇ ਸੀ.ਬੀ.ਡੀ. ਗਰਾਊਂਡ ਬਣੇ ਨਵੇਂ ਪ੍ਰਦਰਸ਼ਨ ਸਥਾਨ; ਦਿੱਲੀ ਪੁਲੀਸ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨਾਂ ਅਤੇ ਧਰਨਿਆਂ ਨੂੰ ਲੈ ਕੇ ਦਿੱਲੀ ਪੁਲੀਸ ਵੱਲੋਂ ਇੱਕ ਵੱਡਾ ਪ੍ਰਬੰਧਕੀ ਫ਼ੈਸਲਾ ਲਿਆ ਗਿਆ ਹੈ। ਇਤਿਹਾਸਕ ਪ੍ਰਦਰਸ਼ਨ ਸਥਾਨ ‘ਜੰਤਰ-ਮੰਤਰ’ ਨੂੰ ਅਧਿਕਾਰਤ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਵਿੱਚੋਂ ਹਟਾ (de-notify) ਦਿੱਤਾ ਗਿਆ ਹੈ। ਹੁਣ ਦਿੱਲੀ ਵਿੱਚ ਕਿਸੇ ਵੀ ਤਰ੍ਹਾਂ ਦੇ ਰੋਸ ਪ੍ਰਦਰਸ਼ਨਾਂ, ਧਰਨਿਆਂ ਜਾਂ ਰੈਲੀਆਂ ਲਈ ਤਿੰਨ ਨਵੇਂ ਸਥਾਨ—ਰਾਮਲੀਲਾ ਮੈਦਾਨ, ਬੁਰਾੜੀ ਗਰਾਊਂਡ ਅਤੇ ਪੂਰਬੀ ਦਿੱਲੀ ਦੇ ਸੀ.ਬੀ.ਡੀ. (CBD) ਗਰਾਊਂਡ—ਨਿਰਧਾਰਤ ਕੀਤੇ ਗਏ ਹਨ। ਦਿੱਲੀ ਦੇ ਪੁਲੀਸ ਕਮਿਸ਼ਨਰ ਅਨੁਰਾਗ ਕੁਮਾਰ ਵੱਲੋਂ ਜਾਰੀ ਅਧਿਕਾਰਤ ਹੁਕਮਾਂ ਅਨੁਸਾਰ, ਕੇਂਦਰੀ ਗ੍ਰਹਿ ਮੰਤਰਾਲੇ ਨੇ ਆਮ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਦੇ ਅਧਿਕਾਰ ਨੂੰ ਧਿਆਨ ਵਿੱਚ ਰੱਖਦਿਆਂ ਮੌਜੂਦਾ ਸਥਾਨ ਦੀ ਥਾਂ ਵੱਖ-ਵੱਖ ਬਦਲਵੇਂ ਸਥਾਨ ਲੱਭਣ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਸੀ। ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਹੀ ਜੰਤਰ-ਮੰਤਰ ਦੀ ਮਾਨਤਾ ਰੱਦ ਕਰਕੇ ਇਨ੍ਹਾਂ ਤਿੰਨਾਂ ਨਵੇਂ ਸਥਾਨਾਂ ਦੀ ਚੋਣ ਕੀਤੀ ਗਈ ਹੈ। ਦਿੱਲੀ ਪੁਲੀਸ ਮੁਤਾਬਕ ਇਨ੍ਹਾਂ ਥਾਵਾਂ 'ਤੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇ ਨਿਯਮਾਂ ਅਤੇ ਪ੍ਰਕਿਰਿਆਵਾਂ (SOP) ਸਬੰਧੀ ਵਿਸਥਾਰਤ ਨਿਰਦੇਸ਼ ਵੱਖਰੇ ਤੌਰ 'ਤੇ ਜਾਰੀ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਰਾਜਧਾਨੀ ਵਿੱਚ ਪ੍ਰਦਰਸ਼ਨਾਂ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ। ਸਾਲ 1988 ਵਿੱਚ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ਹੇਠ ਹੋਏ ਵਿਸ਼ਾਲ ਕਿਸਾਨ ਅੰਦੋਲਨ ਤੋਂ ਬਾਅਦ ਜਦੋਂ ਇੰਡੀਆ ਗੇਟ ਨੇੜਲੇ ਬੋਟ ਕਲੱਬ 'ਤੇ ਪ੍ਰਦਰਸ਼ਨਾਂ 'ਤੇ ਰੋਕ ਲਗਾਈ ਗਈ ਸੀ, ਤਾਂ 1993 ਤੋਂ ਜੰਤਰ-ਮੰਤਰ ਦਿੱਲੀ ਦਾ ਪ੍ਰਮੁੱਖ ਧਰਨਾ ਸਥਾਨ ਬਣ ਗਿਆ ਸੀ। ਇਸ ਤੋਂ ਪਹਿਲਾਂ ਅਕਤੂਬਰ 2017 ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਵੀ ਜੰਤਰ-ਮੰਤਰ 'ਤੇ ਧਰਨਿਆਂ 'ਤੇ ਪਾਬੰਦੀ ਲਗਾ ਕੇ ਸਾਰੇ ਪ੍ਰਦਰਸ਼ਨ ਰਾਮਲੀਲਾ ਮੈਦਾਨ ਵਿੱਚ ਤਬਦੀਲ ਕਰਨ ਦਾ ਆਦੇਸ਼ ਦਿੱਤਾ ਸੀ। ਹਾਲਾਂਕਿ, ਜੁਲਾਈ 2018 ਵਿੱਚ ਸੁਪਰੀਮ ਕੋਰਟ ਨੇ ਇਸ ਪੂਰਨ ਪਾਬੰਦੀ ਨੂੰ ਹਟਾਉਂਦਿਆਂ ਨਿਯਮਾਂ ਤਹਿਤ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੀ ਖੁੱਲ੍ਹ ਦਿੱਤੀ ਸੀ। ਨਵੇਂ ਚੁਣੇ ਗਏ ਰਾਮਲੀਲਾ ਮੈਦਾਨ ਦਾ ਆਪਣਾ ਇਤਿਹਾਸਕ ਮਹੱਤਵ ਹੈ, ਜਿੱਥੇ 1975 ਵਿੱਚ ਇੰਦਰਾ ਗਾਂਧੀ ਸਰਕਾਰ ਖ਼ਿਲਾਫ਼ ਜੈ ਪ੍ਰਕਾਸ਼ ਨਾਰਾਇਣ ਦੇ ਅੰਦੋਲਨ ਤੋਂ ਲੈ ਕੇ 2011 ਦੇ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੱਕ ਦੇ ਇਤਿਹਾਸਕ ਪ੍ਰਦਰਸ਼ਨ ਹੋ ਚੁੱਕੇ ਹਨ।