ਮੋਗਾ: 'ਆਪ' ਦੀ 'ਖੁਸ਼ਹਾਲ ਪੰਜਾਬ ਰੈਲੀ' ਦੌਰਾਨ ਵਾਪਰਿਆ ਵੱਡਾ ਹਾਦਸਾ, ਕੌਫ਼ੀ ਮਸ਼ੀਨ ਫਟਣ ਨਾਲ ਇੱਕ ਕਾਮੇ ਦੀ ਮੌਤ
- ਪੰਜਾਬ
- (Asia/Kolkata)
ਮੋਗਾ-ਲੁਧਿਆਣਾ ਕੌਮੀ ਮਾਰਗ 'ਤੇ ਸਥਿਤ ਪਿੰਡ ਨੱਥੂਵਾਲਾ ਜਦੀਦ ਵਿਖੇ ਆਮ ਆਦਮੀ ਪਾਰਟੀ ਦੀ ਸੂਬਾ ਪੱਧਰੀ 'ਖੁਸ਼ਹਾਲ ਪੰਜਾਬ ਰੈਲੀ' ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਅਚਾਨਕ ਕੌਫ਼ੀ ਮਸ਼ੀਨ ਫਟਣ ਕਾਰਨ ਇੱਕ ਕਾਮੇ ਦੀ ਮੌਤ ਹੋ ਗਈ। ਇਸ ਅਚਨਚੇਤ ਵਾਪਰੀ ਘਟਨਾ ਕਾਰਨ ਰੈਲੀ ਵਾਲੀ ਥਾਂ 'ਤੇ ਕੁਝ ਸਮੇਂ ਲਈ ਹਫ਼ੜਾ-ਦਫ਼ੜੀ ਵਾਲਾ ਮਾਹੌਲ ਬਣ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ, ਰੈਲੀ ਦੀ ਕਵਰੇਜ ਕਰਨ ਆਏ ਪੱਤਰਕਾਰਾਂ ਅਤੇ ਮੀਡੀਆ ਕਰਮਚਾਰੀਆਂ ਦੇ ਖਾਣ-ਪੀਣ ਦੇ ਪ੍ਰਬੰਧ ਲਈ ਇੱਕ ਵੱਖਰਾ ਪੰਡਾਲ ਤਿਆਰ ਕੀਤਾ ਗਿਆ ਸੀ। ਇਸੇ ਪੰਡਾਲ ਵਿੱਚ ਕੌਫ਼ੀ ਤਿਆਰ ਕਰਨ ਵਾਸਤੇ ਇਹ ਮਸ਼ੀਨ ਲਗਾਈ ਗਈ ਸੀ। ਕੰਮ ਦੌਰਾਨ ਮਸ਼ੀਨ ਵਿੱਚ ਅਚਾਨਕ ਜ਼ੋਰਦਾਰ ਧਮਾਕਾ ਹੋਇਆ ਅਤੇ ਉਹ ਫਟ ਗਈ, ਜਿਸ ਦੀ ਲਪੇਟ ਵਿੱਚ ਆਉਣ ਕਾਰਨ ਉੱਥੇ ਡਿਊਟੀ ਨਿਭਾਅ ਰਹੇ ਇੱਕ ਕਾਮੇ ਦੀ ਮੌਕੇ 'ਤੇ ਹੀ ਜਾਨ ਚਲੀ ਗਈ। ਹਾਦਸੇ ਵੇਲੇ ਸਮਾਗਮ ਵਾਲੀ ਥਾਂ 'ਤੇ ਲੋਕਾਂ ਦਾ ਭਾਰੀ ਇਕੱਠ ਮੌਜੂਦ ਸੀ। ਜਿਵੇਂ ਹੀ ਮਸ਼ੀਨ ਫਟਣ ਦੀ ਤੇਜ਼ ਆਵਾਜ਼ ਗੂੰਜੀ, ਤਾਂ ਆਲੇ-ਦੁਆਲੇ ਮੌਜੂਦ ਲੋਕਾਂ ਵਿੱਚ ਸਹਿਮ ਅਤੇ ਘਬਰਾਹਟ ਫੈਲ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਲੋਕ ਹਾਦਸੇ ਵਾਲੀ ਥਾਂ ਵੱਲ ਇਕੱਠੇ ਹੋ ਗਏ। ਇਸ ਮੰਦਭਾਗੀ ਘਟਨਾ ਨੇ ਸਮਾਗਮ ਦੇ ਉਤਸ਼ਾਹ ਭਰੇ ਮਾਹੌਲ ਨੂੰ ਗਮਗੀਨ ਕਰ ਦਿੱਤਾ।
Leave a Reply