ਪੰਜਾਬ ਵਿੱਚ ਠੰਢੇ ਮੌਸਮ ਦੌਰਾਨ ਭਖਿਆ ਸਿਆਸੀ ਮਾਹੌਲ: ‘ਸੰਵਿਧਾਨ ਦਿਵਸ’ ਬਹਾਨੇ ਸਾਰੀਆਂ ਪਾਰਟੀਆਂ ਨੇ ਵਿੱਢੀ ਚੋਣ ਮੁਹਿੰਮ
- ਪੰਜਾਬ
- (Asia/Kolkata)
ਪੰਜਾਬ ਵਿੱਚ ‘ਸੰਵਿਧਾਨ ਦਿਵਸ’ ਦੇ ਮੌਕੇ ਤੋਂ ਹੀ ਆਗਾਮੀ ਵਿਧਾਨ ਸਭਾ ਚੋਣਾਂ ਦਾ ਰੰਗ ਪੂਰੀ ਤਰ੍ਹਾਂ ਚੜ੍ਹਨਾ ਸ਼ੁਰੂ ਹੋ ਗਿਆ ਹੈ ਅਤੇ ਇਸ ਦਿਵਸ ਦੇ ਬਹਾਨੇ ਸੂਬੇ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਚੋਣ ਮੈਦਾਨ ਦਾ ਪਿੜ ਬੰਨ੍ਹ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਰਮਿਆਨ ਪੁਰਾਣੀ ਸਾਂਝ ਮੁੜ ਸੁਰਜੀਤ ਹੋਣ ਅਤੇ ਸੂਬੇ ਦੀ ਸਿਆਸਤ ਵਿੱਚ ਬਣ ਰਹੇ ਨਵੇਂ ਸਮੀਕਰਨਾਂ ਨੇ ਨਵੇਂ ਸਿਆਸੀ ਗੱਠਜੋੜਾਂ ਦਾ ਮੁੱਢ ਬੰਨ੍ਹ ਦਿੱਤਾ ਹੈ। ‘ਸੰਵਿਧਾਨ ਦਿਵਸ’ ਦੇ ਨਾਲ-ਨਾਲ ਆਮ ਆਦਮੀ ਪਾਰਟੀ (ਆਪ) ਦਾ ਸਥਾਪਨਾ ਦਿਵਸ ਵੀ ਹੋਣ ਕਾਰਨ ਪਾਰਟੀ ਨੇ ‘ਮੋਗਾ ਰੈਲੀ’ ਕਰਕੇ ਆਗਾਮੀ ਚੋਣਾਂ ਲਈ ਆਪਣੇ ਪ੍ਰਚਾਰ ਦਾ ਰਸਮੀ ਆਗਾਜ਼ ਕਰ ਦਿੱਤਾ ਹੈ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਨੇ ਵੀ ਅਗਲੇ ਮਹੀਨੇ 8 ਦਸੰਬਰ ਨੂੰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਮੋਗਾ ਵਿਖੇ ਹੀ ਵੱਡੀ ਰੈਲੀ ਉਲੀਕੀ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਿਸ ਸਮੇਂ ‘ਆਪ’ ਮੋਗਾ ਵਿੱਚ ਰੈਲੀ ਕਰ ਰਹੀ ਸੀ, ਠੀਕ ਉਸੇ ਵੇਲੇ ਪੰਜਾਬ ਕਾਂਗਰਸ ਵੱਲੋਂ ਅੰਮ੍ਰਿਤਸਰ ਵਿੱਚ ਅਤੇ ਭਾਜਪਾ ਵੱਲੋਂ ਧੂਰੀ ਵਿੱਚ ‘ਸੰਵਿਧਾਨ ਦਿਵਸ’ ਸਬੰਧੀ ਸਮਾਗਮ ਕਰਵਾਏ ਗਏ। ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਵੀ ਫਿਲੌਰ ਵਿਖੇ ਸਮਾਗਮ ਕਰਕੇ ਆਪਣੀ ਹਾਜ਼ਰੀ ਲਗਵਾਈ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਸਰਗਰਮ ਨਜ਼ਰ ਆਏ। ਸਿਆਸੀ ਸਰਗਰਮੀਆਂ ਦੇ ਤੇਜ਼ ਹੁੰਦਿਆਂ ਹੀ ਪੰਜਾਬ ਦੇ ਡੇਰਿਆਂ ਵਿੱਚ ਵੀ ਰੌਣਕ ਵਧ ਗਈ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂ ਡੇਰਾ ਮੁਖੀਆਂ ਦਾ ਆਸ਼ੀਰਵਾਦ ਲੈਣ ਲਈ ਪਹੁੰਚ ਰਹੇ ਹਨ। ਸੂਬੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਵਧੀ ਸਰਗਰਮੀ ਨੇ ਅਫ਼ਸਰਸ਼ਾਹੀ ਅਤੇ ਸਿਆਸੀ ਆਗੂਆਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ। ਚੰਡੀਗੜ੍ਹ ਸਥਿਤ ਸਿਵਲ ਸਕੱਤਰੇਤ ਵਿੱਚ ਹੁਣ ਮੰਤਰੀਆਂ ਦੀ ਚਹਿਲ-ਪਹਿਲ ਕਾਫ਼ੀ ਘੱਟ ਗਈ ਹੈ ਅਤੇ ਜ਼ਿਆਦਾਤਰ ਆਗੂ ਤੇ ਉਮੀਦਵਾਰ ਚੰਡੀਗੜ੍ਹ ਛੱਡ ਕੇ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਡੇਰੇ ਜਮਾ ਚੁੱਕੇ ਹਨ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਅਗਲੀਆਂ ਚੋਣਾਂ ਲਈ ਚੋਣ ਜ਼ਾਬਤਾ ਦਸੰਬਰ ਦੇ ਅਖੀਰ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਲੱਗ ਸਕਦਾ ਹੈ। ਇਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਪੰਜਾਬ ਸਰਕਾਰ ਵੱਲੋਂ ਅਫ਼ਸਰਾਂ ਦੀਆਂ ਬਦਲੀਆਂ ਦੀ ਮੁਹਿੰਮ ਵਿੱਢੀ ਗਈ ਹੈ ਅਤੇ ਸੱਤਾਧਾਰੀ ਧਿਰ ਆਪਣੀ ਸਿਆਸੀ ਸਹੂਲਤ ਅਨੁਸਾਰ ਨਵੀਆਂ ਤਾਇਨਾਤੀਆਂ ਕਰ ਰਹੀ ਹੈ। ਅਕਾਲੀ-ਭਾਜਪਾ ਗੱਠਜੋੜ ਹੋਣ ਤੋਂ ਬਾਅਦ ਹੁਣ ਸਾਂਝੀਆਂ ਸਟੇਜਾਂ ’ਤੇ ਦੋਵਾਂ ਪਾਰਟੀਆਂ ਦੇ ਆਗੂ ਇਕੱਠੇ ਦਿਖਾਈ ਦੇਣ ਲੱਗੇ ਹਨ। ਇਸ ਤੋਂ ਇਲਾਵਾ ਸਿਆਸੀ ਪਰਿਵਾਰਾਂ ਦੇ ਸਮਾਜਿਕ ਸਮਾਗਮਾਂ ਵਿੱਚ ਵੀ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੀ ਮਿਸਾਲ ਬੀਤੀ ਰਾਤ ਅੰਮ੍ਰਿਤਸਰ ਵਿਖੇ ਭਾਜਪਾ ਦੇ ਸੰਸਦ ਮੈਂਬਰ ਤਰੁਣ ਚੁੱਘ ਦੇ ਪਰਿਵਾਰਕ ਸਮਾਗਮ ਵਿੱਚ ਜੁੜੀ ਸਿਆਸੀ ਆਗੂਆਂ ਦੀ ਭੀੜ ਤੋਂ ਮਿਲਦੀ ਹੈ। ਚੋਣ ਮੈਦਾਨ ਵਿੱਚ ਉੱਤਰਨ ਵਾਲੇ ਉਮੀਦਵਾਰ ਅਤੇ ਟਿਕਟ ਦੇ ਚਾਹਵਾਨ ਹੁਣ ਆਪਣੇ ਹਲਕਿਆਂ ਵਿੱਚ ਹੋਣ ਵਾਲੇ ਹਰ ਖ਼ੁਸ਼ੀ-ਗ਼ਮੀ ਦੇ ਸਮਾਗਮ ਵਿੱਚ ਸ਼ਮੂਲੀਅਤ ਕਰ ਰਹੇ ਹਨ, ਜਿਸ ਨਾਲ ਆਮ ਲੋਕਾਂ ਦੀ ਪੁੱਛਗਿੱਛ ਵਧ ਗਈ ਹੈ। ਫਿਲਹਾਲ ਪੰਜਾਬ ਦਾ ਕਿਸਾਨ ਕਣਕ ਦੀ ਬਿਜਾਂਦ ਵਿੱਚ ਰੁੱਝਿਆ ਹੋਇਆ ਹੈ ਅਤੇ ਬਿਜਾਈ ਮੁਕੰਮਲ ਹੋਣ ਤੋਂ ਬਾਅਦ ਕਿਸਾਨਾਂ ਤੇ ਮਜ਼ਦੂਰਾਂ ਦੇ ਵਿਹਲੇ ਹੋਣ ਨਾਲ ਸਿਆਸੀ ਸਰਗਰਮੀਆਂ ਹੋਰ ਸਿਖਰ ’ਤੇ ਪਹੁੰਚਣਗੀਆਂ।
Leave a Reply