ਆਸਟਰੇਲੀਆ ਦੀ ਸਿਡਨੀ ਯੂਨੀਵਰਸਿਟੀ ਵਿੱਚ ਅਕਾਦਮਿਕ ਬੇਈਮਾਨੀ ਦਾ ਖੁਲਾਸਾ: 91 ਫ਼ੀਸਦੀ ਮਾਮਲੇ ਕੌਮਾਂਤਰੀ ਵਿਦਿਆਰਥੀਆਂ ਨਾਲ ਜੁੜੇ, ਭਾਰਤੀ ਵਿਦਿਆਰਥੀ ਵੀ ਸ਼ਾਮਲ

ਆਸਟਰੇਲੀਆ ਦੀ ਸਿਡਨੀ ਯੂਨੀਵਰਸਿਟੀ ਵਿੱਚ ਅਕਾਦਮਿਕ ਬੇਈਮਾਨੀ ਦਾ ਖੁਲਾਸਾ: 91 ਫ਼ੀਸਦੀ ਮਾਮਲੇ ਕੌਮਾਂਤਰੀ ਵਿਦਿਆਰਥੀਆਂ ਨਾਲ ਜੁੜੇ, ਭਾਰਤੀ ਵਿਦਿਆਰਥੀ ਵੀ ਸ਼ਾਮਲ

ਆਸਟਰੇਲੀਆ ਦੀ ਨਾਮਵਰ ਸਿਡਨੀ ਯੂਨੀਵਰਸਿਟੀ ਵਿੱਚ ਅਕਾਦਮਿਕ ਧੋਖਾਧੜੀ ਅਤੇ ਫਰਜ਼ੀਵਾੜੇ ਨਾਲ ਜੁੜਿਆ ਵੱਡਾ ਖੁਲਾਸਾ ਹੋਇਆ ਹੈ। ਸੂਚਨਾ ਦੀ ਆਜ਼ਾਦੀ ਕਾਨੂੰਨ ਤਹਿਤ ਜਾਰੀ ਕੀਤੀ ਗਈ ਅੰਦਰੂਨੀ ਰਿਪੋਰਟ ਅਨੁਸਾਰ, ਸਾਲ 2025 ਦੌਰਾਨ ਧੋਖਾਧੜੀ, ਫਰਜ਼ੀ ਦਸਤਾਵੇਜ਼ਾਂ ਅਤੇ ਅਕਾਦਮਿਕ ਬੇਈਮਾਨੀ ਦੇ 330 ਗੰਭੀਰ ਮਾਮਲੇ ਸਾਹਮਣੇ ਆਏ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਮਾਮਲਿਆਂ ਵਿੱਚੋਂ 91 ਫ਼ੀਸਦੀ ਕੌਮਾਂਤਰੀ ਵਿਦਿਆਰਥੀਆਂ ਨਾਲ ਸਬੰਧਤ ਸਨ, ਜਦੋਂ ਕਿ ਯੂਨੀਵਰਸਿਟੀ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਕੁੱਲ ਹਿੱਸੇਦਾਰੀ ਲਗਪਗ 52 ਫ਼ੀਸਦੀ ਹੈ। ਰਿਪੋਰਟ ਵਿੱਚ ਬੇਈਮਾਨੀ ਦੇ ਤਰੀਕਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਗਿਆ ਕਿ ਇਨ੍ਹਾਂ ਵਿੱਚ ਬਿਮਾਰੀ ਦੇ ਜਾਅਲੀ ਮੈਡੀਕਲ ਸਰਟੀਫਿਕੇਟ ਪੇਸ਼ ਕਰਕੇ ਪ੍ਰੀਖਿਆਵਾਂ ਤੋਂ ਛੋਟ ਜਾਂ ਵਾਧੂ ਸਮਾਂ ਹਾਸਲ ਕਰਨਾ, ਨਕਲੀ ਦਸਤਾਵੇਜ਼ ਤਿਆਰ ਕਰਨਾ ਅਤੇ ਪੈਸੇ ਦੇ ਕੇ ਦੂਜਿਆਂ ਤੋਂ ਅਸਾਈਨਮੈਂਟ ਤੇ ਹੋਰ ਅਕਾਦਮਿਕ ਕੰਮ ਕਰਵਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਵਿਦਿਅਕ ਸਰਟੀਫਿਕੇਟ ਜਾਅਲੀ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ ਇਨ੍ਹਾਂ ਮਾਮਲਿਆਂ ਵਿੱਚ ਭਾਰਤ ਸਮੇਤ ਹੋਰ ਏਸ਼ੀਆਈ ਦੇਸ਼ਾਂ ਤੋਂ ਪੜ੍ਹਾਈ ਲਈ ਆਏ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਦੱਸੀ ਗਈ ਹੈ। ਅੰਕੜਿਆਂ ਅਨੁਸਾਰ, ਅਜਿਹੇ ਮਾਮਲਿਆਂ ਦੀ ਗਿਣਤੀ ਸਾਲ 2023 ਵਿੱਚ 1,007 ਦਰਜ ਕੀਤੀ ਗਈ ਸੀ, ਜੋ 2025 ਵਿੱਚ ਘਟ ਕੇ 330 ਰਹਿ ਗਈ। ਹਾਲਾਂਕਿ, ਰਿਪੋਰਟ ਵਿੱਚ ਮਾਮਲਿਆਂ ਦੇ ਘੱਟ ਦਰਜ ਹੋਣ (ਅੰਡਰ-ਰਿਪੋਰਟਿੰਗ) ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। ਕਾਰਵਾਈ ਅਤੇ ਸਜ਼ਾਵਾਂ ਦੇ ਵੇਰਵਿਆਂ ਮੁਤਾਬਕ ਪ੍ਰਸ਼ਾਸਨ ਵੱਲੋਂ 628 ਫੇਲ੍ਹ ਗ੍ਰੇਡ ਦਿੱਤੇ ਗਏ, 152 ਮੁਅੱਤਲੀਆਂ ਕੀਤੀਆਂ ਗਈਆਂ, 39 ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਤਿੰਨ ਡਿਗਰੀਆਂ ਰੱਦ ਕੀਤੀਆਂ ਗਈਆਂ। ਜਾਅਲੀ ਦਸਤਾਵੇਜ਼ਾਂ, ਤਕਨੀਕੀ ਧੋਖਾਧੜੀ ਅਤੇ ਸੰਗਠਿਤ ਨਕਲਬਾਜ਼ੀ ਦੇ ਨੈੱਟਵਰਕਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਯੂਨੀਵਰਸਿਟੀ ਵੱਲੋਂ ਇੱਕ ਵਿਸ਼ੇਸ਼ ਜਾਂਚ ਟਾਸਕਫੋਰਸ ਵੀ ਗਠਿਤ ਕੀਤੀ ਗਈ ਹੈ।