ਬਿੱਲ ਸੀ-39 ਪਾਸ ਕਰਵਾਉਣ ਲਈ ਲਿਬਰਲ ਸਰਕਾਰ ਆਸਵੰਦ, ਸਟੀਵਨ ਮੈਕਿਨਨ ਨੂੰ ਪਾਰਟੀ ਸੰਸਦ ਮੈਂਬਰਾਂ ਦੇ ਸਮਰਥਨ ਦਾ ਭਰੋਸਾ
ਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਦੇ ਅਹਿਮ ਬਿੱਲ ਸੀ-39 ਨੂੰ ਲੈ ਕੇ ਕੈਨੇਡਾ ਦੀ ਸੰਸਦ ਵਿੱਚ ਸਿਆਸੀ ਘਮਾਸਾਨ ਲਗਾਤਾਰ ਜਾਰੀ ਹੈ। ਸਰਕਾਰ ਦੇ ਹਾਊਸ ਲੀਡਰ ਸਟੀਵਨ ਮੈਕਿਨਨ ਨੇ ਭਰੋਸਾ ਜਤਾਇਆ ਹੈ ਕਿ ਲਿਬਰਲ ਪਾਰਟੀ ਦੇ ਸਾਰੇ ਸੰਸਦ ਮੈਂਬਰ ਇਸ ਬਿੱਲ ਦੇ ਹੱਕ ਵਿੱਚ ਵੋਟ ਪਾਉਣਗੇ ਅਤੇ ਇਸ ਲਈ ਪਾਰਟੀ ਨੂੰ ਵ੍ਹਿਪ ਜਾਰੀ ਕਰਨ ਦੀ ਲੋੜ ਨਹੀਂ ਪਵੇਗੀ।ਬਿਲਡਿੰਗ ਕੈਨੇਡਾ ਸਟਰੌਂਗ ਐਕਟ ਵਜੋਂ ਜਾਣਿਆ ਜਾਂਦਾ ਇਹ ਬਿੱਲ ਵੱਡੇ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਤੇਜ਼ ਕਰਨ ਅਤੇ ਫੈਡਰਲ ਕਿਰਤ ਕਾਨੂੰਨਾਂ ਵਿੱਚ ਤਬਦੀਲੀਆਂ ਕਰਨ ਨਾਲ ਸਬੰਧਤ ਹੈ। ਹਾਲਾਂਕਿ, ਇਸ ਬਿੱਲ ਨੂੰ ਵਾਤਾਵਰਨ ਸੁਰੱਖਿਆ ਕਮਜ਼ੋਰ ਕਰਨ, ਮੂਲਵਾਸੀ ਭਾਈਚਾਰਿਆਂ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰਨ ਅਤੇ ਮਜ਼ਦੂਰਾਂ ਦੀ ਹੜਤਾਲ ਕਰਨ ਦੀ ਤਾਕਤ ਸੀਮਤ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਦੇ ਅੰਦਰੋਂ ਵੀ ਕੁਝ ਆਵਾਜ਼ਾਂ ਸਾਹਮਣੇ ਆਈਆਂ ਹਨ ਅਤੇ ਲਿਬਰਲ ਸੰਸਦ ਮੈਂਬਰ ਵਿਲ ਗਰੀਵਜ਼ ਨੇ ਸਰਕਾਰ ਦੀਆਂ ਬਦਲਦੀਆਂ ਜਲਵਾਯੂ ਨੀਤੀਆਂ ’ਤੇ ਚਿੰਤਾ ਜਤਾਈ ਹੈ। ਦੂਜੇ ਪਾਸੇ, ਕੰਜ਼ਰਵੇਟਿਵ ਆਗੂ ਪੀਏਰ ਪੌਲੀਏਵ ਸਮੇਤ ਐਨਡੀਪੀ (NDP), ਬਲਾਕ ਕਿਊਬੈਕੁਆ ਅਤੇ ਗ੍ਰੀਨ ਪਾਰਟੀ ਨੇ ਇਸ ਬਿੱਲ ਦਾ ਵਿਰੋਧ ਕਰਨ ਦਾ ਸੰਕੇਤ ਦਿੱਤਾ ਹੈ।ਜ਼ਿਕਰਯੋਗ ਹੈ ਕਿ ਲਿਬਰਲ ਪਾਰਟੀ ਕੋਲ 173 ਸੰਸਦੀ ਸੀਟਾਂ ਹਨ। ਇਸੇ ਕਾਰਨ ਬਿੱਲ ਸੀ-39 ਨੂੰ ਪਾਸ ਕਰਵਾਉਣ ਵਾਸਤੇ ਸਰਕਾਰ ਨੂੰ ਆਪਣੇ ਸਾਰੇ ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੈ।