ਮਾਰਕ ਕਾਰਨੀ ਦੀ ਪਤਨੀ ਡਾਇਨਾ ਫੌਕਸ ਕਾਰਨੀ ਦੀ ਸਰਕਾਰੀ ਭੂਮਿਕਾ ’ਤੇ ਸਿਆਸੀ ਵਿਵਾਦ, ਸੰਸਦੀ ਕਮੇਟੀ ਸਾਹਮਣੇ ਪੇਸ਼ ਹੋਣ ਦੀ ਮੰਗ
ਕੈਨੇਡਾ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਪਤਨੀ ਡਾਇਨਾ ਫੌਕਸ ਕਾਰਨੀ ਦੀ ਸਰਕਾਰੀ ਭੂਮਿਕਾ ਨੂੰ ਲੈ ਕੇ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਹੈ। ਕੰਜ਼ਰਵੇਟਿਵ ਪਾਰਟੀ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸੰਸਦ ਦੀ ਕਮੇਟੀ ਸਾਹਮਣੇ ਪੇਸ਼ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਤੰਬਰ ਵਿੱਚ ਮੱਛੀ ਪਾਲਣ ਮੰਤਰੀ ਜੋਐਨ ਥੌਮਪਸਨ ਨੇ ਡਾਇਨਾ ਫੌਕਸ ਕਾਰਨੀ ਨੂੰ ਕੈਨੇਡਾ ਦੀ ਵਿਸ਼ੇਸ਼ ਸਮੁੰਦਰੀ ਦੂਤ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਦੀ ਜ਼ਿੰਮੇਵਾਰੀ ਸਮੁੰਦਰੀ ਵਾਤਾਵਰਨ ਦੀ ਸੁਰੱਖਿਆ, ਜਲਵਾਯੂ ਤਬਦੀਲੀ, ਸਵਦੇਸ਼ੀ ਭਾਈਚਾਰਿਆਂ ਦੀ ਭਾਗੀਦਾਰੀ ਅਤੇ ਸਮੁੰਦਰੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਅੱਗੇ ਵਧਾਉਣਾ ਹੈ। ਕੰਜ਼ਰਵੇਟਿਵ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਉਨ੍ਹਾਂ ਦੀਆਂ ਅਸਲ ਤਾਕਤਾਂ ਕੀ ਹਨ, ਵਿਦੇਸ਼ੀ ਦੌਰਿਆਂ ਅਤੇ ਹੋਰ ਖ਼ਰਚਿਆਂ ਦਾ ਪ੍ਰਬੰਧ ਕਿਵੇਂ ਹੁੰਦਾ ਹੈ ਅਤੇ ਉਹ ਕਿਨ੍ਹਾਂ ਲੋਕਾਂ ਨਾਲ ਮੁਲਾਕਾਤ ਕਰਦੇ ਹਨ। ਪਾਰਟੀ ਨੇ ਸੰਭਾਵਿਤ ਲਾਬਿੰਗ ਅਤੇ ਹਿੱਤਾਂ ਦੇ ਟਕਰਾਅ ਬਾਰੇ ਵੀ ਸਵਾਲ ਚੁੱਕੇ ਹਨ। ਸੰਸਦ ਮੈਂਬਰ ਜੋਨਾਥਨ ਰੋਅ ਨੇ ਇਸ ਸਬੰਧੀ ਕਮੇਟੀ ਵਿੱਚ ਮਤਾ ਪੇਸ਼ ਕੀਤਾ, ਪਰ ਲਿਬਰਲ ਸੰਸਦ ਮੈਂਬਰਾਂ ਨੇ ਇਸ ’ਤੇ ਬਹਿਸ ਅੱਗੇ ਪਾ ਦਿੱਤੀ। ਦੂਜੇ ਪਾਸੇ, ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਡਾਇਨਾ ਫੌਕਸ ਕਾਰਨੀ ਇਹ ਜ਼ਿੰਮੇਵਾਰੀ ਬਿਨਾਂ ਕਿਸੇ ਤਨਖ਼ਾਹ ਦੇ ਨਿਭਾ ਰਹੇ ਹਨ। ਕੈਨੇਡਾ ਦੇ ਨੈਤਿਕਤਾ ਕਮਿਸ਼ਨਰ ਨੇ ਵੀ ਪਹਿਲਾਂ ਉਨ੍ਹਾਂ ਦੀ ਨਿਯੁਕਤੀ ਵਿੱਚ ਹਿੱਤਾਂ ਦੇ ਟਕਰਾਅ ਦਾ ਕੋਈ ਸਬੂਤ ਨਾ ਹੋਣ ਦੀ ਗੱਲ ਕਹੀ ਸੀ।