Daily Suraj

ਪੰਜਾਬੀ

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 29 ਸਾਲਾਂ ਬਾਅਦ ਆਪਣੇ ਜੱਦੀ ਪਿੰਡ ਪਹੁੰਚੇ ਭਾਈ ਬਲਵੰਤ ਸਿੰਘ ਰਾਜੋਆਣਾ, ਤਿੰਨ ਘੰਟਿਆਂ ਦੀ ਮਿਲੀ ਪੈਰੋਲ

20 Nov, 2024 05:30 AM

ਗੁਰੂਸਰ ਸੁਧਾਰ: 

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ 'ਚ ਸਜ਼ਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ 'ਚੋਂ ਤਿੰਨ ਘੰਟਿਆਂ ਦੀ ਪੈਰੋਲ ਤੇ ਪੁਲਿਸ ਦੇ ਸਖ਼ਤ ਪ੍ਰਬੰਧਾਂ ਹੇਠ ਅੱਜ ਆਪਣੇ ਜੱਦੀ ਪਿੰਡ ਰਾਜੋਆਣਾ ਕਲਾਂ ਵਿਖੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਪਹੁੰਚੇ। ਜਿੱਥੇ ਅੱਜ ਉਨ੍ਹਾਂ ਦੇ ਇੱਕਲੌਤੇ ਵੱਡੇ ਭਰਾ ਕੁਲਵੰਤ ਸਿੰਘ ਜੀ ਦੀ ਅੰਤਿਮ ਅਰਦਾਸ ਹੋ ਰਹੀ ਹੈ। ਇਸ ਮੌਕੇ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਗਰੇਵਾਲ ਸਾਬਕਾ ਜਰਨਲ ਸਕੱਤਰ ਐਸਜੀਪੀਸੀ,ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਐਸਜੀਪੀਸੀ ਨੂੰ ਗੁਰ ਫਤਿਹ ਦੀ ਸਾਂਝ ਪਾਉਂਦਿਆਂ ਹੋਇਆਂ ਭਾਈ ਸਾਹਿਬ ਗੁਰੂਦਆਰਾ ਮੰਜੀ ਸਾਹਿਬ ਆਪਣੇ ਭਾਈ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ। ਭੋਗ ਸਮਾਗਮ ਮੌਕੇ ਰਾਜੋਆਣਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰਾ ਤੇ ਮੇਰੇ ਭਰਾ ਦਾ ਜਨਮ ਇਸ ਧਰਤੀ ’ਤੇ ਹੋਇਆ ਅਸੀਂ ਖੇਤਾਂ ਵਿਚ ਇੱਕਠਿਆਂ ਖੇਤੀ ਵੀ ਕਰਦੇ ਹੁੰਦੇ ਸੀ । ਇਹ ਧਰਤੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੇ ਛੋਹ ਪ੍ਰਾਪਤ ਧਰਤੀ ਹੈ। ਮੈਂ ਹਮੇਸ਼ਾ ਇਹੀ ਮਹਿਸੂਸ ਕਰਦਾ ਹਾਂ ਕਿ ਖੇਤੀ ਕਰਦੇ- ਕਰਦੇ ਪਤਾ ਨਹੀਂ ਕਦੋਂ ਕਿਹੜਾ ਕਣ ਮੇਰੇ ਮੱਥੇ ਨੂੰ ਲੱਗ ਗਿਆ। ਅਸੀਂ ਕੁਝ ਨਹੀਂ ਕੀਤਾ ਜੋ ਕਰਵਾਇਆ ਗੁਰੂ ਸਾਹਿਬਾਨ ਨੇ ਆਪ ਕਰਵਾਇਆ ਹੈ। ਦਿੱਲੀ ਵਾਲਿਆਂ ਨੇ ਸਾਡੇ ’ਤੇ ਮੁੱਢ ਤੋਂ ਬੇਇਨਸਾਫੀਆਂ ਕੀਤੀਆਂ ਹਨ , ਸਾਡੇ ਅਕਾਲ ਤਖਤ ਸਾਹਿਬ ਨੂੰ ਢਾਹਿਆ ਉਹ ਵੀ ਲਿਖ ਕੇ ਢਾਹਿਆ ਗਿਆ। ਸਾਡੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਉਹ ਵੀ ਲਿਖ ਕੇ ਕੀਤਾ ਗਿਆ। ਜਦੋਂ ਮੈਨੂੰ ਮੌਤ ਦੀ ਸਜਾ ਸੁਣਾਈ ਗਈ ਮੈਂ ਉਸੇ ਸਮੇਂ ਜੱਜ ਸਾਹਿਬਾਨ ਨੂੰ ਕਿਹਾ ਤੁਸੀਂ ਅੱਗੇ ਦੀ ਕਾਰਵਾਈ ਕਰੋ ਮੈਂ ਕੋਈ ਅਪੀਲ ਨਹੀਂ ਪਾਉਣਾ ਚਾਹੁੰਦਾ।ਬਲਵੰਤ ਸਿੰਘ ਰਾਜੋਆਣਾ ਨੇ ਸੰਗਤ ਨੂੰ ਸਬੋਧਨ ਕਰਦੇ ਕਿਹਾ ਕਿ ਸਾਡੇ ਨਾਲ ਜੋ ਵੀ ਹੋ ਰਿਹਾ ਹੈ ਉਹ ਮਿੱਥ ਕੇ ਹੋ ਰਿਹਾ ਹੈ, ਅੱਜ ਸਿੱਖਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ। ਆਪਸੀ ਝਗੜਿਆਂ ਕਰਕੇ ਸਿੱਖ ਸੰਸਥਾਵਾਂ ਕਮਜ਼ੋਰ ਹੋਈਆਂ ਹਨ। ਅੱਜ ਜੇਕਰ ਸ਼੍ਰੋਮਣੀ ਅਕਾਲੀ ਦਲ ਨਾ ਹੁੰਦਾ ਤਾਂ ਮੈਂ ਵੀ ਨਹੀਂ ਹੋਣਾ ਸੀ। ਭੋਗ ਸਮਾਗਮ ਦੌਰਾਨ ਉਨ੍ਹਾਂ ਦੇ ਪਾਰਿਵਾਰਿਕ ਮੈਂਬਰ ਨੇ ਕਿਹਾ ਕਿ ਇੱਕ ਭਾਈ ਨੂੰ ਭਾਈ ਦੀ ਹਮੇਸ਼ਾਂ ਲੋੜ ਹੁੰਦੀ ਹੈ। ਉਨ੍ਹਾਂ ਨੂੰ ਤੜਫ਼ ਸੀ ਕਿ ਮੈਂ ਆਪਣੇ ਭਰਾ ਨੂੰ ਦੇਖ ਸਕਾਂ ਹਾਂ, ਉਨ੍ਹਾਂ ਦੀ ਇੱਛਾ ਪੂਰੀ ਹੋਈ ਹੈ। ਸਾਨੂੰ ਖੁਸ਼ੀ ਤੇ ਵੈਰਾਗ ਵੀ ਹੈ ਅਤੇ ਸਭ ਦਾ ਧੰਨਵਾਦ ਵੀ ਹੈ। ਸਾਡੀ ਹਿੰਮਤ ਹੀ ਰਾਜੋਆਣਾ ਜੀ ਸੀ। ਜੇਕਰ ਉਹ ਨਾ ਹੁੰਦੇ ਜਿਨ੍ਹਾਂ ਸਾਡੀਆਂ ਪਰਿਵਾਰ ’ਤੇ ਜਿੰਨੀਆਂ ਭੀੜਾਂ ਪਈਆਂ ਹਨ ਅਸੀਂ ਕਦੋਂ ਦੇ ਡੋਲ ਜਾਂਦੇ। ਉਨ੍ਹਾਂ ਦਾ ਇੱਕ ਬੋਲ ਨਾਲ ਕਹਿਣਾ ਕਿ ਬੇਟਾ ਪਾਤਸ਼ਾਹ ’ਤੇ ਯਕੀਨ ਰੱਖੋ ਉਹ ਸਾਡੇ ਲਈ ਬਹੁਤ ਹੈ। ਜ਼ਿਕਰਯੋਗ ਹੈ ਕਿ ਜਨਵਰੀ 2022 ਵਿੱਚ ਹਾਈ ਕੋਰਟ ਨੇ ਉਨ੍ਹਾਂ ਨੂੰ ਪਿਤਾ ਦੀ ਮੌਤ ਤੋਂ ਬਾਅਦ ਪੁਲਿਸ ਹਿਰਾਸਤ ਵਿੱਚ ਭੋਗ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਸੀ। ਇਸ ਆਧਾਰ 'ਤੇ ਰਾਜੋਆਣਾ ਨੇ ਹੁਣ ਮੁੜ ਆਪਣੇ ਭਰਾ ਦੀ ਅਰਦਾਸ ਅਤੇ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਆਰਜ਼ੀ ਪੈਰੋਲ ਦੇਣ ਦੀ ਮੰਗ ਕੀਤੀ ਸੀ।

Posted By: Daily Suraj Bureau

Latest News