ਮਿਲਾਵਟੀ ਮਠਿਆਈਆਂ ਦੇ ਖ਼ਦਸ਼ੇ ਕਾਰਨ ਲੋਕਾਂ ਨੇ ਬਦਲਿਆ ਖ਼ਰੀਦਦਾਰੀ ਦਾ ਰੁਝਾਨ, ਸੁੱਕੇ ਮੇਵਿਆਂ ਤੇ ਫ਼ਲਾਂ ਨੂੰ ਤਰਜੀਹ
ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਬਠਿੰਡਾ ਸਮੇਤ ਵੱਖ-ਵੱਖ ਸ਼ਹਿਰਾਂ ਦੇ ਬਾਜ਼ਾਰਾਂ ਵਿੱਚ ਖ਼ੂਬ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਹੈ। ਤਿਉਹਾਰੀ ਖ਼ਰੀਦਦਾਰੀ ਲਈ ਲੋਕ ਵੱਡੀ ਗਿਣਤੀ ਵਿੱਚ ਬਾਜ਼ਾਰਾਂ ਦਾ ਰੁਖ਼ ਕਰ ਰਹੇ ਹਨ। ਖ਼ਾਸ ਤੌਰ ’ਤੇ ਗਹਿਣਿਆਂ ਦੀਆਂ ਦੁਕਾਨਾਂ ’ਤੇ ਔਰਤਾਂ ਦੀ ਭੀੜ ਲੱਗ ਰਹੀ ਹੈ। ਲੋਕ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੇ ਨਾਲ-ਨਾਲ ਆਰਟੀਫੀਸ਼ਲ ਜਿਊਲਰੀ ਵੀ ਖ਼ਰੀਦ ਰਹੇ ਹਨ।
ਬਾਜ਼ਾਰਾਂ ਵਿੱਚ ਕੱਪੜਿਆਂ, ਜੁੱਤੀਆਂ, ਕਾਸਮੈਟਿਕਸ, ਮਠਿਆਈਆਂ ਅਤੇ ਤੋਹਫ਼ਿਆਂ ਦੀਆਂ ਦੁਕਾਨਾਂ ’ਤੇ ਵੀ ਗਾਹਕਾਂ ਦੀ ਆਮਦ ਵਧੀ ਹੋਈ ਹੈ। ਦੁਕਾਨਦਾਰਾਂ ਵੱਲੋਂ ਤਿਉਹਾਰ ਦੇ ਮੱਦੇਨਜ਼ਰ ਦੁਕਾਨਾਂ ਨੂੰ ਖ਼ੂਬਸੂਰਤੀ ਨਾਲ ਸਜਾਇਆ ਗਿਆ ਹੈ ਅਤੇ ਗਾਹਕਾਂ ਲਈ ਵੱਖ-ਵੱਖ ਕਿਸਮਾਂ ਦਾ ਸਾਮਾਨ ਉਪਲੱਬਧ ਕਰਵਾਇਆ ਗਿਆ ਹੈ। ਔਰਤਾਂ ਆਪਣੇ ਲਈ ਨਵੇਂ ਗਹਿਣੇ ਖ਼ਰੀਦਣ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਦੇਣ ਲਈ ਤੋਹਫ਼ੇ ਵੀ ਪਸੰਦ ਕਰ ਰਹੀਆਂ ਹਨ।
ਗਹਿਣਿਆਂ ਦੀਆਂ ਦੁਕਾਨਾਂ ’ਤੇ ਹਲਕੇ ਵਜ਼ਨ ਦੇ ਗਹਿਣਿਆਂ, ਮੁੰਦਰੀਆਂ, ਝੁਮਕਿਆਂ, ਚੇਨਾਂ ਅਤੇ ਚਾਂਦੀ ਦੇ ਗਹਿਣਿਆਂ ਦੀ ਖ਼ਾਸ ਮੰਗ ਦੇਖਣ ਨੂੰ ਮਿਲ ਰਹੀ ਹੈ। ਗਾਹਕ ਆਪਣੀ ਪਸੰਦ ਅਤੇ ਬਜਟ ਅਨੁਸਾਰ ਖ਼ਰੀਦਦਾਰੀ ਕਰ ਰਹੇ ਹਨ। ਦੁਕਾਨਦਾਰਾਂ ਨੂੰ ਉਮੀਦ ਹੈ ਕਿ ਦੀਵਾਲੀ ਨੇੜੇ ਆਉਣ ਨਾਲ ਬਾਜ਼ਾਰਾਂ ਵਿੱਚ ਗਾਹਕਾਂ ਦੀ ਗਿਣਤੀ ਹੋਰ ਵਧੇਗੀ। ਤਿਉਹਾਰੀ ਮਾਹੌਲ ਕਾਰਨ ਦੇਰ ਸ਼ਾਮ ਤੱਕ ਬਾਜ਼ਾਰਾਂ ਵਿੱਚ ਰੌਣਕ ਬਣੀ ਰਹਿਣ ਦੀ ਸੰਭਾਵਨਾ ਹੈ।
ਧਨਤੇਰਸ ਮੌਕੇ ਸ਼ਹਿਣਾ ਦੇ ਬਾਜ਼ਾਰਾਂ ਵਿੱਚ ਵੀ ਲੱਗੀਆਂ ਰੌਣਕਾਂ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਧਨਤੇਰਸ ਦੇ ਮੌਕੇ ਸ਼ਹਿਣਾ ਇਲਾਕੇ ਦੇ ਬਾਜ਼ਾਰਾਂ ਵਿੱਚ ਵੀ ਕਾਫ਼ੀ ਭੀੜ ਦੇਖਣ ਨੂੰ ਮਿਲੀ। ਲੋਕਾਂ ਨੇ ਇਸ ਸ਼ੁਭ ਮੌਕੇ ’ਤੇ ਖ਼ਰੀਦਦਾਰੀ ਕੀਤੀ। ਖ਼ਾਸ ਤੌਰ ’ਤੇ ਭਾਂਡਿਆਂ ਦੀਆਂ ਦੁਕਾਨਾਂ ’ਤੇ ਗਾਹਕਾਂ ਦੀ ਭਾਰੀ ਆਮਦ ਰਹੀ। ਇਸ ਤੋਂ ਇਲਾਵਾ ਲੋਕਾਂ ਨੇ ਚਾਂਦੀ ਦੇ ਗਹਿਣਿਆਂ ਦੀ ਵੀ ਖ਼ਰੀਦਦਾਰੀ ਕੀਤੀ।
ਮਿਲਾਵਟੀ ਮਠਿਆਈਆਂ ਦੇ ਡਰੋਂ ਲੋਕਾਂ ਨੇ ਬਦਲਿਆ ਖ਼ਰੀਦਦਾਰੀ ਦਾ ਰੁਝਾਨ
ਮਾਨਸਾ (ਜੋਗਿੰਦਰ ਸਿੰਘ ਮਾਨ): ਦੀਵਾਲੀ ਦੇ ਤਿਉਹਾਰ ਦੌਰਾਨ ਮਿਲਾਵਟੀ ਅਤੇ ਘਟੀਆ ਮਿਆਰ ਦੀਆਂ ਮਠਿਆਈਆਂ ਵਿਕਣ ਦੀਆਂ ਚਰਚਾਵਾਂ ਕਾਰਨ ਲੋਕਾਂ ਦੀ ਖ਼ਰੀਦਦਾਰੀ ਦਾ ਰੁਝਾਨ ਬਦਲਦਾ ਨਜ਼ਰ ਆ ਰਿਹਾ ਹੈ। ਹੁਣ ਬਹੁਤ ਸਾਰੇ ਗਾਹਕ ਰਵਾਇਤੀ ਮਠਿਆਈਆਂ ਦੀ ਥਾਂ ਸੁੱਕੇ ਮੇਵੇ, ਤਾਜ਼ੇ ਫ਼ਲ ਅਤੇ ਮੁਰੱਬੇ ਖ਼ਰੀਦਣ ਨੂੰ ਤਰਜੀਹ ਦੇ ਰਹੇ ਹਨ। ਨਕਲੀ ਮਠਿਆਈਆਂ ਦੀ ਵਿਕਰੀ ਦੇ ਖ਼ਦਸ਼ੇ ਕਾਰਨ ਮਠਿਆਈਆਂ ਦੀਆਂ ਦੁਕਾਨਾਂ ਦੇ ਮੁਕਾਬਲੇ ਫ਼ਲਾਂ ਦੀਆਂ ਰੇਹੜੀਆਂ ’ਤੇ ਵਧੇਰੇ ਭੀੜ ਦੇਖਣ ਨੂੰ ਮਿਲ ਰਹੀ ਹੈ।
ਸ਼ਹਿਰ ਦੇ ਵਰਾਇਟੀ ਸਟੋਰਾਂ ਅਤੇ ਜਨਰਲ ਸਟੋਰਾਂ ’ਤੇ ਵੱਖ-ਵੱਖ ਕਿਸਮਾਂ ਦੇ ਮੁਰੱਬੇ ਉਪਲੱਬਧ ਹਨ। ਗਾਹਕ ਆਪਣੀ ਪਸੰਦ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਦੀ ਚੋਣ ਕਰ ਰਹੇ ਹਨ। ਇਸ ਦੇ ਨਾਲ ਹੀ ਬਿਸਕੁਟ ਅਤੇ ਹੋਰ ਸੁੱਕੀਆਂ ਖਾਣ-ਪੀਣ ਵਾਲੀਆਂ ਵਸਤਾਂ ਦੀ ਖ਼ਰੀਦਦਾਰੀ ਵਿੱਚ ਵੀ ਤੇਜ਼ੀ ਦੇਖੀ ਜਾ ਰਹੀ ਹੈ।
ਬਾਜ਼ਾਰਾਂ ਵਿੱਚ ਪਪੀਤਾ, ਕੀਵੀ, ਅਨਾਨਾਸ, ਕੇਲਾ, ਸੰਤਰਾ ਅਤੇ ਸੇਬ ਵਰਗੇ ਫ਼ਲਾਂ ਦੇ ਨਾਲ-ਨਾਲ ਵੱਖ-ਵੱਖ ਕਿਸਮਾਂ ਦੇ ਡਰਾਈਫਰੂਟ ਦੀ ਮੰਗ ਵੀ ਬਣੀ ਹੋਈ ਹੈ। ਇਸ ਤੋਂ ਇਲਾਵਾ ਡੱਬਾਬੰਦ ਸੋਨ ਪਾਪੜੀ, ਰਸਗੁੱਲੇ ਅਤੇ ਗੁਲਾਬ ਜਾਮਣ ਵੀ ਦੁਕਾਨਾਂ ’ਤੇ ਉਪਲੱਬਧ ਹਨ। ਦੁਕਾਨਦਾਰਾਂ ਮੁਤਾਬਕ ਅੱਜ ਦਾ ਗਾਹਕ ਪਹਿਲਾਂ ਨਾਲੋਂ ਵਧੇਰੇ ਜਾਗਰੂਕ ਹੋ ਗਿਆ ਹੈ ਅਤੇ ਉਹ ਖ਼ਰੀਦਦਾਰੀ ਸਮੇਂ ਸਿਹਤ ਨੂੰ ਵੀ ਤਰਜੀਹ ਦੇ ਰਿਹਾ ਹੈ। ਇਨ੍ਹਾਂ ਵਸਤਾਂ ਨੂੰ ਲੋਕ ਤਿਉਹਾਰੀ ਤੋਹਫ਼ਿਆਂ ਵਜੋਂ ਆਪਣੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੂੰ ਵੀ ਦੇ ਰਹੇ ਹਨ।
ਇਸ ਸਬੰਧੀ ਡਾ. ਸੰਯੋਗ ਸੇਠੀ ਅਤੇ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਲੋਕਾਂ ਵਿੱਚ ਵਧ ਰਹੀ ਜਾਗਰੂਕਤਾ ਕਾਰਨ ਡੱਬਾਬੰਦ ਅਤੇ ਸ਼ੁੱਧ ਖਾਣ-ਪੀਣ ਵਾਲੀਆਂ ਵਸਤਾਂ ਦੀ ਮੰਗ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵਸਤਾਂ ਦੀ ਚੋਣ ਨਾਲ ਮਿਲਾਵਟ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਦੀਵਾਲੀ ਵਰਗੇ ਖ਼ੁਸ਼ੀ ਦੇ ਮੌਕਿਆਂ ’ਤੇ ਰੰਗ-ਬਰੰਗੀਆਂ ਮਠਿਆਈਆਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਤਾਂ ਜੋ ਸਿਹਤ ਨਾਲ ਕੋਈ ਸਮਝੌਤਾ ਨਾ ਹੋਵੇ।