Daily Suraj

ਪੰਜਾਬੀ

ਮਹਾਭਾਰਤ ਦੀ ਪੁਰਾਤਨਤਾ ਸਮਝਣ ਲਈ ਇਤਿਹਾਸਕ ਸਬੂਤਾਂ ਦਾ ਅਧਿਐਨ ਜ਼ਰੂਰੀ: ਡਾ. ਅਰਵਿਨ ਮੁੰਜਲ

07 Nov, 2026 05:37 PM

ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਹਰਿਆਣਾ ਇਤਿਹਾਸ ਕਾਂਗਰਸ ਦਾ ਦੋ ਰੋਜ਼ਾ 11ਵਾਂ ਸੈਸ਼ਨ ਸਮਾਪਤ ਹੋ ਗਿਆ। ਹਰਿਆਣਾ ਇਤਿਹਾਸ ਕਾਂਗਰਸ ਅਤੇ ਭਾਰਤੀ ਇਤਿਹਾਸ, ਸੱਭਿਆਚਾਰ ਤੇ ਪੁਰਾਤੱਤਵ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਇਸ ਸਮਾਗਮ ਵਿੱਚ ਦੇਸ਼ ਦੇ 18 ਸੂਬਿਆਂ ਤੋਂ 200 ਤੋਂ ਵੱਧ ਇਤਿਹਾਸਕਾਰਾਂ, ਖੋਜਕਰਤਾਵਾਂ ਅਤੇ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ।
 

ਸੈਸ਼ਨ ਦੌਰਾਨ ਹਰਿਆਣਾ ਦੇ ਇਤਿਹਾਸ, ਸਮਾਜਿਕ ਬਣਤਰ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ 11 ਤਕਨੀਕੀ ਬੈਠਕਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ 200 ਤੋਂ ਵੱਧ ਖੋਜ ਪੱਤਰ ਪੇਸ਼ ਕੀਤੇ ਗਏ।
 

ਸਮਾਪਤੀ ਸਮਾਰੋਹ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ, ਦਿੱਲੀ ਦੇ ਸੰਯੁਕਤ ਡਾਇਰੈਕਟਰ ਜਨਰਲ ਡਾ. ਅਰਵਿਨ ਮੁੰਜਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਮਹਾਭਾਰਤ ਦੀ ਪੁਰਾਤਨਤਾ ਨਾਲ ਸਬੰਧਤ ਇਤਿਹਾਸਕ ਅਤੇ ਪੁਰਾਤੱਤਵ ਸਬੂਤਾਂ ਬਾਰੇ ਵਿਸਥਾਰ ਨਾਲ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਭਾਰਤੀ ਇਤਿਹਾਸ ਨੂੰ ਸਮਝਣ ਅਤੇ ਇਸ ਦਾ ਅਧਿਐਨ ਕਰਨ ਲਈ ਤੱਥਾਂ ਤੇ ਪ੍ਰਮਾਣਿਕ ਸਬੂਤਾਂ ਨੂੰ ਆਧਾਰ ਬਣਾਉਣਾ ਚਾਹੀਦਾ ਹੈ।
 

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਰਜਿਸਟਰਾਰ ਵਰਿੰਦਰ ਪਾਲ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਉਨ੍ਹਾਂ ਭਾਰਤੀ ਪਰੰਪਰਾਵਾਂ ਅਤੇ ਗਿਆਨ ਦੀ ਮਹੱਤਤਾ ਉਜਾਗਰ ਕਰਦਿਆਂ ਖੋਜ ਦੇ ਨਜ਼ਰੀਏ ਨੂੰ ਉਪਨਿਵੇਸ਼ੀ ਸੋਚ ਤੋਂ ਮੁਕਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਇਤਿਹਾਸ ਦਾ ਅਧਿਐਨ ਆਪਣੀਆਂ ਪਰੰਪਰਾਵਾਂ, ਦ੍ਰਿਸ਼ਟੀਕੋਣਾਂ ਅਤੇ ਮੂਲ ਸਰੋਤਾਂ ਦੇ ਆਧਾਰ ’ਤੇ ਕੀਤਾ ਜਾਣਾ ਚਾਹੀਦਾ ਹੈ।
 

ਸਮਾਗਮ ਵਿੱਚ ਹਰਿਆਣਾ ਇਤਿਹਾਸ ਕਾਂਗਰਸ ਦੇ ਪ੍ਰਧਾਨ ਪ੍ਰੋ. ਯਸ਼ਵੀਰ ਸਿੰਘ, ਜਨਰਲ ਸਕੱਤਰ ਡਾ. ਸੱਜਣ ਸਿੰਘ, ਡਾ. ਅਨਿਲ ਯਾਦਵ, ਡਾ. ਵਿਜੇ ਕੁਮਾਰ, ਕਾਰਜਕਾਰੀ ਕੌਂਸਲ ਦੇ ਮੈਂਬਰ ਡਾ. ਸੁਖਵੀਰ ਸਿੰਘ, ਡਾ. ਜਗਦੀਸ਼ ਸਿੰਘ, ਡਾ. ਉਮਾਸ਼ੰਕਰ, ਡਾ. ਅਜੈ ਕੁਮਾਰ ਅਤੇ ਡਾ. ਨੀਨਾ ਕੁਮਾਰੀ ਸਮੇਤ ਕਈ ਹੋਰ ਮਹਿਮਾਨ ਵੀ ਮੌਜੂਦ ਰਹੇ।

Latest News