Daily Suraj

ਪੰਜਾਬੀ

ਕੌਣ ਹਨ ਸ਼ਿਮਲਾ ਦੇ ਬੌਬੀ ਭਾਈ? ਅਮਿਤਾਭ ਬੱਚਨ ਨੇ ਖ਼ੁਦ ਪੈਰ ਛੂਹ ਕੇ ਮੰਗਿਆ ਆਸ਼ੀਰਵਾਦ

12 Nov, 2026 02:40 PM

ਲੋੜਵੰਦਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਅਤੇ ਲਾਵਾਰਿਸ ਲਾਸ਼ਾਂ ਦਾ ਸਨਮਾਨ ਨਾਲ ਅੰਤਿਮ ਸਸਕਾਰ ਕਰਵਾਉਣ ਲਈ ਸਾਲਾਂ ਤੋਂ ਸੇਵਾ ਕਰ ਰਹੇ ਸ਼ਿਮਲਾ ਦੇ ਸਮਾਜ ਸੇਵੀ ਸਰਬਜੀਤ ਸਿੰਘ ਬੌਬੀ ਨੂੰ ਪ੍ਰਸਿੱਧ ਟੈਲੀਵਿਜ਼ਨ ਸ਼ੋਅ ‘ਕੌਣ ਬਣੇਗਾ ਕਰੋੜਪਤੀ’ (KBC) ਦੇ ‘ਫੋਰਸ ਆਫ ਗੁੱਡ ਐਵਾਰਡ’ ਲਈ ਚੁਣਿਆ ਗਿਆ ਹੈ। ਸ਼ਿਮਲਾ ਵਿੱਚ ਲੋਕ ਉਨ੍ਹਾਂ ਨੂੰ ਪਿਆਰ ਨਾਲ ‘ਬੌਬੀ ਭਾਈ’ ਅਤੇ ‘ਸ਼ਿਮਲਾ ਦਾ ਵਿਹਲਾ’ ਕਹਿੰਦੇ ਹਨ।
 

ਬੌਬੀ ਦੀ ਸਮਾਜ ਸੇਵਾ ਅਤੇ ਉਨ੍ਹਾਂ ਦੀ ਪ੍ਰੇਰਨਾਦਾਇਕ ਕਹਾਣੀ 12 ਨਵੰਬਰ ਨੂੰ ਰਾਤ 9 ਵਜੇ ਪ੍ਰਸਾਰਿਤ ਹੋਣ ਵਾਲੇ KBC ਦੇ ਐਪੀਸੋਡ ਵਿੱਚ ਦਿਖਾਈ ਜਾਵੇਗੀ। ਇਹ ਐਪੀਸੋਡ ਸੋਨੀ ਲਿਵ ਅਤੇ ਟੈਲੀਵਿਜ਼ਨ ’ਤੇ ਦੇਖਿਆ ਜਾ ਸਕੇਗਾ। ਸ਼ਿਮਲਾ ਸਥਿਤ ਗ਼ੈਰ-ਸਰਕਾਰੀ ਸੰਸਥਾ ‘ਆਲਮਾਈਟੀ ਬਲੈਸਿੰਗਜ਼’ ਦੇ ਸੰਚਾਲਕ ਬੌਬੀ ਲਈ ਸ਼ੋਅ ਵਿੱਚ ਸ਼ਾਮਲ ਹੋਣਾ ਅਤੇ ਮਹਾਨ ਅਦਾਕਾਰ ਅਮਿਤਾਭ ਬੱਚਨ ਨੂੰ ਮਿਲਣਾ ਜ਼ਿੰਦਗੀ ਦਾ ਯਾਦਗਾਰ ਤਜਰਬਾ ਬਣ ਗਿਆ।
 

ਅਮਿਤਾਭ ਬੱਚਨ ਦੀ ਨਿਮਰਤਾ ਨੇ ਕੀਤਾ ਭਾਵੁਕ
 

ਅਮਿਤਾਭ ਬੱਚਨ ਨਾਲ ਮੁਲਾਕਾਤ ਨੂੰ ਯਾਦ ਕਰਦਿਆਂ ਬੌਬੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੈੱਟ ’ਤੇ ਲਗਪਗ ਚਾਰ ਘੰਟੇ ਬਿਤਾਉਣ ਦਾ ਮੌਕਾ ਮਿਲਿਆ। ਇਸ ਦੌਰਾਨ ਉਨ੍ਹਾਂ ਨੇ ਅਦਾਕਾਰ ਦੀ ਊਰਜਾ ਅਤੇ ਹਰ ਕਿਸੇ ਨਾਲ ਨਿਮਰਤਾ ਨਾਲ ਪੇਸ਼ ਆਉਣ ਦੇ ਅੰਦਾਜ਼ ਨੂੰ ਨੇੜਿਓਂ ਦੇਖਿਆ।
 

ਬੌਬੀ ਨੇ ਦੱਸਿਆ ਕਿ ਸਤਿਕਾਰ ਵਜੋਂ ਉਨ੍ਹਾਂ ਨੇ ਅਮਿਤਾਭ ਬੱਚਨ ਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ, ਪਰ ਅਦਾਕਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਇਸ ਦੀ ਬਜਾਏ ਅਮਿਤਾਭ ਬੱਚਨ ਨੇ ਖ਼ੁਦ ਬੌਬੀ ਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਮੰਗਿਆ। ਇਸ ਘਟਨਾ ਨੇ ਬੌਬੀ ਨੂੰ ਭਾਵੁਕ ਕਰ ਦਿੱਤਾ।
 

ਉਨ੍ਹਾਂ ਕਿਹਾ ਕਿ ਉਹ ਅਜੇ ਵੀ ਇਸ ਮੁਲਾਕਾਤ ਨੂੰ ਸੁਪਨੇ ਵਾਂਗ ਮਹਿਸੂਸ ਕਰ ਰਹੇ ਹਨ। ਬੌਬੀ ਮੁਤਾਬਕ ਦੇਸ਼ ਦੇ ਸਭ ਤੋਂ ਵੱਡੇ ਅਦਾਕਾਰਾਂ ਵਿੱਚੋਂ ਇੱਕ ਦਾ ਇੰਨਾ ਨਿਮਰ ਹੋਣਾ ਉਨ੍ਹਾਂ ਲਈ ਹੈਰਾਨੀਜਨਕ ਸੀ। ਉਨ੍ਹਾਂ ਨੇ ਅਮਿਤਾਭ ਬੱਚਨ ਨੂੰ ਸੱਚਾ ਸੱਜਣ ਦੱਸਿਆ।
 

12 ਸਾਲਾਂ ਤੋਂ ਚਲਾ ਰਹੇ ਹਨ ਮਨੁੱਖਤਾ ਦੀ ਸੇਵਾ ਦਾ ਕੰਮ
 

ਬੌਬੀ ਨੇ ਸ਼ੋਅ ਦੌਰਾਨ ਅਮਿਤਾਭ ਬੱਚਨ ਨੂੰ ਦੱਸਿਆ ਕਿ ਉਹ ਪਿਛਲੇ 12 ਸਾਲਾਂ ਤੋਂ ਦੋਸਤਾਂ ਅਤੇ ਵਲੰਟੀਅਰਾਂ ਦੀ ਮਦਦ ਨਾਲ ਮਨੁੱਖਤਾ ਦੀ ਸੇਵਾ ਦੇ ਕਾਰਜ ਕਰ ਰਹੇ ਹਨ। ਉਨ੍ਹਾਂ ਦੀ ਸੰਸਥਾ ‘ਆਲਮਾਈਟੀ ਬਲੈਸਿੰਗਜ਼’ ਰਾਹੀਂ ਰੋਜ਼ਾਨਾ ਲਗਪਗ 4,000 ਲੋਕਾਂ ਨੂੰ ਮੁਫ਼ਤ ਭੋਜਨ ਦਿੱਤਾ ਜਾਂਦਾ ਹੈ। ਇਨ੍ਹਾਂ ਵਿੱਚ ਹਸਪਤਾਲਾਂ ਦੇ ਨੇੜੇ ਰਹਿਣ ਵਾਲੇ ਗ਼ਰੀਬ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ।
 

ਸੰਸਥਾ ਵੱਲੋਂ ਮੁਫ਼ਤ ਕੰਟੀਨਾਂ ਅਤੇ ਲੰਗਰ ਸੇਵਾਵਾਂ ਚਲਾਈਆਂ ਜਾਂਦੀਆਂ ਹਨ, ਜਿੱਥੇ ਲੋੜਵੰਦਾਂ ਨੂੰ ਖਾਣਾ ਅਤੇ ਜਲ-ਪਾਨ ਮੁਹੱਈਆ ਕਰਵਾਇਆ ਜਾਂਦਾ ਹੈ।
 

28 ਸਾਲਾਂ ਤੋਂ ਲਾਵਾਰਿਸ ਲਾਸ਼ਾਂ ਦਾ ਕਰ ਰਹੇ ਹਨ ਅੰਤਿਮ ਸਸਕਾਰ
 

ਬੌਬੀ ਦੀ ਸੇਵਾ ਦਾ ਇੱਕ ਹੋਰ ਅਹਿਮ ਪਹਿਲੂ ਲਾਵਾਰਿਸ ਅਤੇ ਅਣਪਛਾਤੀਆਂ ਲਾਸ਼ਾਂ ਦਾ ਸਨਮਾਨ ਨਾਲ ਅੰਤਿਮ ਸਸਕਾਰ ਕਰਵਾਉਣਾ ਹੈ। ਉਹ ਪਿਛਲੇ 28 ਸਾਲਾਂ ਤੋਂ ਇਸ ਕੰਮ ਵਿੱਚ ਸਹਿਯੋਗ ਦੇ ਰਹੇ ਹਨ। ਇਸ ਵਿੱਚ ਗਲ਼-ਸੜ ਚੁੱਕੀਆਂ ਲਾਸ਼ਾਂ ਦਾ ਅੰਤਿਮ ਸਸਕਾਰ ਕਰਵਾਉਣਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਉਹ ਮੁਫ਼ਤ ਅੰਤਿਮ ਯਾਤਰਾ ਅਤੇ ਮ੍ਰਿਤਕ ਦੇਹਾਂ ਨੂੰ ਲਿਜਾਣ ਦੀ ਸਹੂਲਤ ਵੀ ਦਿੰਦੇ ਹਨ।
 

ਉਨ੍ਹਾਂ ਦੀ ਸੰਸਥਾ ਵੱਲੋਂ ਸਮੇਂ-ਸਮੇਂ ’ਤੇ ਖ਼ੂਨਦਾਨ ਕੈਂਪ ਲਗਾਏ ਜਾਂਦੇ ਹਨ। ਹੜ੍ਹਾਂ ਅਤੇ ਹੋਰ ਆਫ਼ਤਾਂ ਦੌਰਾਨ ਵੀ ਸੰਸਥਾ ਨੇ ਪ੍ਰਭਾਵਿਤ ਲੋਕਾਂ ਤੱਕ ਰਾਹਤ ਪਹੁੰਚਾਉਣ ਲਈ ਕੰਮ ਕੀਤਾ ਹੈ।
 

ਸ਼ਿਮਲਾ ਵਿੱਚ KBC ਦੀ ਟੀਮ ਨੇ ਬਣਾਈ ਸੀ ਵੀਡੀਓ
 

KBC ਦੀ ਟੀਮ ਨੇ ਪਿਛਲੇ ਮਹੀਨੇ ਸ਼ਿਮਲਾ ਵਿੱਚ ਪਹੁੰਚ ਕੇ ਬੌਬੀ ਦੇ ਸਮਾਜ ਸੇਵੀ ਕਾਰਜਾਂ ਨੂੰ ਦਰਸਾਉਂਦੀ ਇੱਕ ਰੀਲ ਵੀ ਫ਼ਿਲਮਾਈ ਸੀ। ਇਸ ਰਾਹੀਂ ਦਰਸ਼ਕਾਂ ਨੂੰ ਉਨ੍ਹਾਂ ਦੇ ਕੰਮ ਅਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣੂ ਕਰਵਾਇਆ ਜਾਵੇਗਾ।
 

ਬੌਬੀ ਨੇ ਇਸ ਸਨਮਾਨ ਦਾ ਸਿਹਰਾ ਆਪਣੇ ਦੋਸਤਾਂ, ਵਲੰਟੀਅਰਾਂ ਅਤੇ ਸਮਰਥਕਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਐਵਾਰਡ ਉਨ੍ਹਾਂ ਸਾਰੇ ਲੋਕਾਂ ਦਾ ਹੈ, ਜਿਨ੍ਹਾਂ ਨੇ ਹਰ ਮੁਸ਼ਕਲ ਸਮੇਂ ਉਨ੍ਹਾਂ ਦਾ ਸਾਥ ਦਿੱਤਾ ਅਤੇ ਮਨੁੱਖਤਾ ਦੀ ਸੇਵਾ ਦਾ ਇਹ ਸਿਲਸਿਲਾ ਜਾਰੀ ਰੱਖਣ ਵਿੱਚ ਮਦਦ ਕੀਤੀ।

Latest News