ਜ਼ਖ਼ਮੀ ਹੋਣ ਦੇ ਬਾਵਜੂਦ ਦੁਸ਼ਮਣ ਦੇ ਛੱਕੇ ਛੁਡਾਉਣ ਵਾਲੇ ਪੰਜਾਬ ਦੇ ਸੂਰਬੀਰ ਜਮਾਦਾਰ ਨੰਦ ਸਿੰਘ ਦੀ ਸ਼ਹਾਦਤ ਦੀ ਕਹਾਣੀ
: ਪੰਜਾਬ ਦੀ ਧਰਤੀ ਨੇ ਦੇਸ਼ ਨੂੰ ਅਜਿਹੇ ਬਹਾਦਰ ਸੂਰਬੀਰ ਦਿੱਤੇ ਹਨ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀ ਰੱਖਿਆ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ। ਇਨ੍ਹਾਂ ਵਿੱਚੋਂ ਇੱਕ ਨਾਂ ਜਮਾਦਾਰ ਨੰਦ ਸਿੰਘ ਦਾ ਹੈ, ਜਿਨ੍ਹਾਂ ਨੇ ਦੂਜੀ ਵਿਸ਼ਵ ਜੰਗ ਤੋਂ ਲੈ ਕੇ ਆਜ਼ਾਦ ਭਾਰਤ ਦੀ ਪਹਿਲੀ ਕਸ਼ਮੀਰ ਜੰਗ ਤੱਕ ਆਪਣੀ ਬਹਾਦਰੀ ਦਾ ਸਬੂਤ ਦਿੱਤਾ। ਉਨ੍ਹਾਂ ਨੂੰ ਪਹਿਲਾਂ ਵਿਕਟੋਰੀਆ ਕਰਾਸ ਅਤੇ ਬਾਅਦ ਵਿੱਚ ਮਰਨ ਉਪਰੰਤ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਦੋ ਵੱਖ-ਵੱਖ ਜੰਗਾਂ ਵਿੱਚ ਇਨ੍ਹਾਂ ਦੋਵੇਂ ਵੱਕਾਰੀ ਬਹਾਦਰੀ ਪੁਰਸਕਾਰਾਂ ਨਾਲ ਨਵਾਜੇ ਗਏ ਨੰਦ ਸਿੰਘ ਦਾ ਨਾਂ ਭਾਰਤੀ ਫ਼ੌਜ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ।
ਬਠਿੰਡਾ ਦੇ ਪੁਰਾਣੇ ਬੱਸ ਸਟੈਂਡ ਨੇੜੇ ਫ਼ੌਜੀ ਚੌਕ ਵਿੱਚ ਸਥਾਪਤ ਉਨ੍ਹਾਂ ਦਾ ਬੁੱਤ ਅੱਜ ਵੀ ਉਨ੍ਹਾਂ ਦੀ ਬਹਾਦਰੀ ਅਤੇ ਸ਼ਹਾਦਤ ਦੀ ਯਾਦ ਦਿਵਾਉਂਦਾ ਹੈ। ਭਾਵੇਂ ਰੋਜ਼ਾਨਾ ਇਸ ਚੌਕ ਵਿੱਚੋਂ ਲੰਘਣ ਵਾਲੇ ਕਈ ਲੋਕਾਂ ਦੀ ਨਜ਼ਰ ਇਸ ਬੁੱਤ ’ਤੇ ਪੈਂਦੀ ਹੈ, ਪਰ ਇਸ ਪਿੱਛੇ ਛੁਪੀ ਕੁਰਬਾਨੀ ਦੀ ਕਹਾਣੀ ਭਾਰਤੀ ਫ਼ੌਜ ਦੇ ਇਤਿਹਾਸ ਦਾ ਅਹਿਮ ਹਿੱਸਾ ਹੈ।
24 ਸਤੰਬਰ 1914 ਨੂੰ ਹੋਇਆ ਸੀ ਜਨਮ
ਜਮਾਦਾਰ ਨੰਦ ਸਿੰਘ ਦਾ ਜਨਮ 24 ਸਤੰਬਰ 1914 ਨੂੰ ਪਿੰਡ ਬਹਾਦਰਪੁਰ ਵਿੱਚ ਹੋਇਆ ਸੀ। ਇਹ ਪਿੰਡ ਹੁਣ ਮਾਨਸਾ ਜ਼ਿਲ੍ਹੇ ਵਿੱਚ ਪੈਂਦਾ ਹੈ। ਉਹ 24 ਮਾਰਚ 1933 ਨੂੰ ਫ਼ੌਜ ਵਿੱਚ ਭਰਤੀ ਹੋਏ ਸਨ। ਉਨ੍ਹਾਂ ਦੀ ਬਹਾਦਰੀ ਦਾ ਪਹਿਲਾ ਵੱਡਾ ਕਾਰਨਾਮਾ ਦੂਜੀ ਵਿਸ਼ਵ ਜੰਗ ਦੌਰਾਨ ਬਰਮਾ ਦੇ ਅਰਾਕਾਨ ਖੇਤਰ ਵਿੱਚ ਸਾਹਮਣੇ ਆਇਆ।
ਗੋਲੀ ਲੱਗਣ ਅਤੇ ਗ੍ਰਨੇਡ ਹਮਲੇ ਦੇ ਬਾਵਜੂਦ ਨਹੀਂ ਰੁਕੇ ਨੰਦ ਸਿੰਘ
11 ਅਤੇ 12 ਮਾਰਚ 1944 ਦੀ ਦਰਮਿਆਨੀ ਰਾਤ ਉਨ੍ਹਾਂ ਦੀ ਫ਼ੌਜੀ ਟੁਕੜੀ ਨੂੰ ਦੁਸ਼ਮਣ ਦੀਆਂ ਮਜ਼ਬੂਤ ਮੋਰਚਾਬੰਦੀਆਂ ’ਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਸ ਸਮੇਂ ਨੰਦ ਸਿੰਘ ਐਕਟਿੰਗ ਨਾਇਕ ਦੇ ਅਹੁਦੇ ’ਤੇ ਤਾਇਨਾਤ ਸਨ। ਦੁਸ਼ਮਣ ਵੱਲੋਂ ਕੀਤੀ ਜਾ ਰਹੀ ਭਾਰੀ ਗੋਲੀਬਾਰੀ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਸਾਥੀ ਜਵਾਨਾਂ ਦੀ ਅਗਵਾਈ ਕਰਦਿਆਂ ਅੱਗੇ ਵਧਣਾ ਜਾਰੀ ਰੱਖਿਆ।
ਇਸ ਦੌਰਾਨ ਉਨ੍ਹਾਂ ਦੀ ਪੱਟ ਵਿੱਚ ਗੋਲੀ ਲੱਗ ਗਈ, ਪਰ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ। ਪਹਿਲੀ ਦੁਸ਼ਮਣ ਚੌਕੀ ’ਤੇ ਕਬਜ਼ਾ ਕਰਨ ਤੋਂ ਬਾਅਦ ਗ੍ਰਨੇਡ ਹਮਲੇ ਕਾਰਨ ਜ਼ਖ਼ਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਦੂਜੀ ਅਤੇ ਤੀਜੀ ਚੌਕੀ ’ਤੇ ਵੀ ਕਬਜ਼ਾ ਕਰ ਲਿਆ। ਇਸ ਪੂਰੀ ਕਾਰਵਾਈ ਦੌਰਾਨ ਉਨ੍ਹਾਂ ਨੇ ਦੁਸ਼ਮਣ ਦੇ ਸੱਤ ਸਿਪਾਹੀਆਂ ਨੂੰ ਮਾਰ ਮੁਕਾਇਆ।
ਉਨ੍ਹਾਂ ਦੀ ਇਸ ਬੇਮਿਸਾਲ ਬਹਾਦਰੀ ਅਤੇ ਦਲੇਰੀ ਲਈ ਉਨ੍ਹਾਂ ਨੂੰ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ।
ਕਸ਼ਮੀਰ ਦੀ ਜੰਗ ਦੌਰਾਨ ਵੀ ਦੁਸ਼ਮਣ ਦਾ ਕੀਤਾ ਮੁਕਾਬਲਾ
ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਜਮਾਦਾਰ ਨੰਦ ਸਿੰਘ ਨੇ ਫ਼ੌਜ ਵਿੱਚ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ। ਦਸੰਬਰ 1947 ਵਿੱਚ ਕਸ਼ਮੀਰ ਦੇ ਉੜੀ ਖੇਤਰ ਵਿੱਚ ਪਾਕਿਸਤਾਨੀ ਹਮਲਾਵਰਾਂ ਵਿਰੁੱਧ ਚੱਲ ਰਹੀ ਜੰਗੀ ਕਾਰਵਾਈ ਦੌਰਾਨ ਉਹ ਜਮਾਦਾਰ ਦੇ ਅਹੁਦੇ ’ਤੇ ਆਪਣੀ ਟੁਕੜੀ ਦੀ ਅਗਵਾਈ ਕਰ ਰਹੇ ਸਨ।
ਇਸ ਮੁਹਿੰਮ ਦੌਰਾਨ ਉਨ੍ਹਾਂ ਨੇ ਦੁਸ਼ਮਣ ਦੇ ਮਜ਼ਬੂਤ ਬੰਕਰ ’ਤੇ ਹਮਲੇ ਦੀ ਕਮਾਨ ਸੰਭਾਲੀ। ਮੁਕਾਬਲੇ ਦੌਰਾਨ ਜ਼ਖ਼ਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ। ਇਸ ਲੜਾਈ ਵਿੱਚ ਉਨ੍ਹਾਂ ਨੇ ਦੁਸ਼ਮਣ ਦੇ ਪੰਜ ਸਿਪਾਹੀਆਂ ਨੂੰ ਮਾਰਿਆ। ਹਾਲਾਂਕਿ, ਦੁਸ਼ਮਣ ਦੀ ਮਸ਼ੀਨਗਨ ਤੋਂ ਚੱਲੀ ਗੋਲੀ ਲੱਗਣ ਕਾਰਨ ਉਹ 12 ਦਸੰਬਰ 1947 ਨੂੰ ਸ਼ਹੀਦ ਹੋ ਗਏ।
ਉਨ੍ਹਾਂ ਦੀ ਬਹਾਦਰੀ ਅਤੇ ਦੇਸ਼ ਲਈ ਦਿੱਤੀ ਕੁਰਬਾਨੀ ਦੇ ਸਨਮਾਨ ਵਜੋਂ ਉਨ੍ਹਾਂ ਨੂੰ ਮਰਨ ਉਪਰੰਤ ਮਹਾਵੀਰ ਚੱਕਰ ਨਾਲ ਨਵਾਜਿਆ ਗਿਆ।
ਬਠਿੰਡਾ ਵਿੱਚ ਯਾਦਗਾਰ ਬਣਿਆ ਹੋਇਆ ਹੈ ਸ਼ਹੀਦ ਦਾ ਬੁੱਤ
ਅੱਜ ਬਠਿੰਡਾ ਦੇ ਫ਼ੌਜੀ ਚੌਕ ਵਿੱਚ ਸਥਾਪਤ ਜਮਾਦਾਰ ਨੰਦ ਸਿੰਘ ਦਾ ਬੁੱਤ ਸਿਰਫ਼ ਇੱਕ ਯਾਦਗਾਰ ਨਹੀਂ, ਸਗੋਂ ਦੇਸ਼ ਪ੍ਰਤੀ ਸਮਰਪਣ, ਹਿੰਮਤ ਅਤੇ ਫ਼ਰਜ਼ ਨਿਭਾਉਣ ਦੀ ਪ੍ਰੇਰਨਾ ਵੀ ਹੈ। ਸ਼ਹਿਰ ਦੀ ਰੋਜ਼ਾਨਾ ਦੀ ਭੀੜ-ਭੜੱਕੇ ਵਿੱਚ ਖੜ੍ਹਾ ਇਹ ਬੁੱਤ ਲੋਕਾਂ ਨੂੰ ਉਸ ਬਹਾਦਰ ਸਿਪਾਹੀ ਦੀ ਯਾਦ ਦਿਵਾਉਂਦਾ ਹੈ, ਜਿਸ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਦੁਸ਼ਮਣ ਦਾ ਡਟ ਕੇ ਸਾਹਮਣਾ ਕੀਤਾ ਅਤੇ ਆਖ਼ਰਕਾਰ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।