ਚੰਡੀਗੜ੍ਹ ‘ਚ ਸ਼ਰਾਬ ਦੇ 83 ਠੇਕੇ ਨਿਲਾਮ, ਪਲਸੌਰਾ ਦਾ ਠੇਕਾ ਸਭ ਤੋਂ ਮਹਿੰਗਾ
ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਉਮੀਦ ਤੋਂ ਵੱਧ ਹੁੰਗਾਰਾ ਮਿਲਿਆ ਹੈ। ਯੂਟੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਨਿਲਾਮੀ ਦੌਰਾਨ ਸ਼ਹਿਰ ਦੇ ਕੁੱਲ 97 ਵਿੱਚੋਂ 83 ਠੇਕੇ ਸਫਲਤਾਪੂਰਵਕ ਨਿਲਾਮ ਕਰ ਦਿੱਤੇ ਗਏ। ਇਸ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਠੇਕਾ ਚੰਡੀਗੜ੍ਹ ਅਤੇ ਮੁਹਾਲੀ ਦੀ ਸੀਮਾ ‘ਤੇ ਸਥਿਤ ਪਿੰਡ ਪਲਸੌਰਾ ਦਾ ਰਿਹਾ, ਜੋ 16.71 ਕਰੋੜ ਰੁਪਏ ਵਿੱਚ ਨਿਲਾਮ ਹੋਇਆ। ਇਸ ਠੇਕੇ ਦੀ ਰਾਖਵੀਂ ਕੀਮਤ 11.41 ਕਰੋੜ ਰੁਪਏ ਨਿਰਧਾਰਤ ਕੀਤੀ ਗਈ ਸੀ, ਪਰ ਨਿਲਾਮੀ ਦੌਰਾਨ ਇਸ ਨੇ ਉੱਚੀ ਬੋਲੀ ਪ੍ਰਾਪਤ ਕੀਤੀ। ਇਸੇ ਤਰ੍ਹਾਂ ਧਨਾਸ ਖੇਤਰ ਵਿੱਚ ਸਥਿਤ ਠੇਕੇ ਦੀ ਰਾਖਵੀਂ ਕੀਮਤ 9.62 ਕਰੋੜ ਰੁਪਏ ਰੱਖੀ ਗਈ ਸੀ, ਜੋ 12.27 ਕਰੋੜ ਰੁਪਏ ਵਿੱਚ ਵੇਚਿਆ ਗਿਆ। ਸੈਕਟਰ-61 ਦਾ ਠੇਕਾ, ਜਿਸ ਦੀ ਰਾਖਵੀਂ ਕੀਮਤ 8.21 ਕਰੋੜ ਰੁਪਏ ਸੀ, 11.52 ਕਰੋੜ ਰੁਪਏ ਵਿੱਚ ਨਿਲਾਮ ਹੋਇਆ। ਹਾਲਾਂਕਿ, ਨਿਲਾਮੀ ਦੌਰਾਨ 14 ਠੇਕਿਆਂ ਲਈ ਕੋਈ ਵੀ ਖਰੀਦਦਾਰ ਸਾਹਮਣੇ ਨਹੀਂ ਆਇਆ। ਕਰ ਤੇ ਆਬਕਾਰੀ ਵਿਭਾਗ ਨੇ ਇਨ੍ਹਾਂ ਬਚੇ ਹੋਏ ਠੇਕਿਆਂ ਦੀ ਦੁਬਾਰਾ ਨਿਲਾਮੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ, 83 ਠੇਕਿਆਂ ਦੀ ਕੁੱਲ ਰਾਖਵੀਂ ਕੀਮਤ 385.24 ਕਰੋੜ ਰੁਪਏ ਰੱਖੀ ਗਈ ਸੀ, ਜਦਕਿ ਨਿਲਾਮੀ ਰਾਹੀਂ 496.81 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਹੋਈ। ਇਸ ਤਰ੍ਹਾਂ ਯੂਟੀ ਪ੍ਰਸ਼ਾਸਨ ਨੂੰ ਲਗਭਗ 29 ਫੀਸਦੀ ਵੱਧ ਮਾਲੀਆ ਪ੍ਰਾਪਤ ਹੋਇਆ ਹੈ।
Posted By: Daily Suraj Bureau