ਸੀਐੱਫਬੀ ਵੇਨਰਾਈਟ ਬੇਸ ਹਾਦਸਾ: ਚਾਰ ਫ਼ੌਜੀ ਸ਼ਹੀਦ, ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਪ੍ਰੀਮੀਅਰ ਡੱਗ ਫੋਰਡ ਨੇ ਪ੍ਰਗਟਾਇਆ ਡੂੰਘਾ ਦੁੱਖ
ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਸਥਿਤ ਸੀਐੱਫਬੀ ਵੇਨਰਾਈਟ (CFB Wainwright) ਫ਼ੌਜੀ ਅੱਡੇ ’ਤੇ ਵਾਪਰੇ ਜ਼ੋਰਦਾਰ ਧਮਾਕੇ ਅਤੇ ਭਿਆਨਕ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਚਾਰ ਫ਼ੌਜੀ ਜਵਾਨਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਕੈਨੇਡੀਅਨ ਫ਼ੌਜ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਸ਼ਨੀਵਾਰ ਸ਼ਾਮ ਨੂੰ ਕਰੀਬ 4 ਵਜੇ ਸਿਖਲਾਈ (ਟ੍ਰੇਨਿੰਗ) ਵਾਲੇ ਖੇਤਰ ਵਿੱਚ ਵਾਪਰਿਆ, ਜਿੱਥੇ ਅਚਾਨਕ ਅੱਗ ਭੜਕ ਉੱਠੀ ਅਤੇ ਤੇਜ਼ ਹਵਾਵਾਂ ਕਾਰਨ ਤੇਜ਼ੀ ਨਾਲ ਫੈਲ ਗਈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਦਰਦਨਾਕ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਦੇਸ਼ ਦੀ ਧਰਤੀ ’ਤੇ ਫ਼ੌਜ ਨਾਲ ਵਾਪਰੀਆਂ ਸਭ ਤੋਂ ਦੁਖਦਾਈ ਘਟਨਾਵਾਂ ਵਿੱਚੋਂ ਇੱਕ ਕਰਾਰ ਦਿੱਤਾ ਹੈ। ਇਸ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਮ੍ਰਿਤਕ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਹਰ ਕਰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦਾ ਪ੍ਰੋਵਿੰਸ (ਸੂਬਾ) ਇਸ ਮੁਸ਼ਕਿਲ ਘੜੀ ਵਿੱਚ ਰਾਹਤ ਅਤੇ ਬਹਾਲੀ ਦੇ ਕੰਮਾਂ ਵਿੱਚ ਹਰ ਸੰਭਵ ਮਦਦ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸੋਗ ਵਜੋਂ ਓਨਟਾਰੀਓ ਦੀਆਂ ਸਰਕਾਰੀ ਇਮਾਰਤਾਂ ’ਤੇ ਰਾਸ਼ਟਰੀ ਝੰਡੇ ਅੱਧੇ ਝੁਕਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ। ਉੱਥੇ ਹੀ, ਓਨਟਾਰੀਓ ਦੀ ਵਿਰੋਧੀ ਧਿਰ ਦੀ ਆਗੂ ਮੈਰਿਟ ਸਟਾਈਲਜ਼ ਨੇ ਵੀ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਸਾਂਝੀ ਕੀਤੀ ਅਤੇ ਨਾਲ ਹੀ ਜ਼ਖ਼ਮੀਆਂ ਦਾ ਇਲਾਜ ਕਰ ਰਹੇ ਮੈਡੀਕਲ ਸਟਾਫ਼ ਅਤੇ ਬਚਾਅ ਕਾਰਜਾਂ ਵਿੱਚ ਜੁਟੇ ਦਲਾਂ ਦੀ ਸੇਵਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਟੋਰਾਂਟੋ ਦੀ ਮੇਅਰ ਓਲੀਵੀਆ ਚਾਓ ਨੇ ਵੀ ਇਸ ਦੁਖਦਾਈ ਹਾਦਸੇ ’ਤੇ ਸੋਗ ਪ੍ਰਗਟ ਕਰਦਿਆਂ ਐਲਾਨ ਕੀਤਾ ਕਿ ਟੋਰਾਂਟੋ ਸਿਟੀ ਹਾਲ ਅਤੇ ਹੋਰ ਮਿਊਂਸਪਲ ਇਮਾਰਤਾਂ ’ਤੇ ਵੀ ਝੰਡੇ ਅੱਧੇ ਝੁਕਾਏ ਜਾਣਗੇ।