Daily Suraj

ਪੰਜਾਬੀ

ਸਹਾਰਾ ਫਾਊਂਡੇਸ਼ਨ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

23 Mar, 2026 05:42 PM

(ਜਗਸੀਰ ਸਿੰਘ) - ਦੇਸ਼ ਦੀ ਆਜ਼ਾਦੀ ਲਈ ਹੱਸਦੇ-ਹੱਸਦੇ ਫਾਂਸੀ ਦਾ ਫੰਦਾ ਚੁੰਮਣ ਵਾਲੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਥਾਨਕ ਬੱਸ ਸਟੈਂਡ ਵਿਖੇ ਸਥਿਤ ਸ਼ਹੀਦ ਸਮਾਰਕਾਂ ‘ਤੇ ਸਹਾਰਾ ਫਾਊਂਡੇਸ਼ਨ ਵੱਲੋਂ ਇੱਕ ਵਿਸ਼ੇਸ਼ ਅਤੇ ਸੰਖੇਪ ਸਮਾਗਮ ਕਰਵਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਹਾਰਾ ਫਾਊਂਡੇਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ, ਜਨਰਲ ਸਕੱਤਰ ਵਰਿੰਦਰਜੀਤ ਸਿੰਘ ਬਜਾਜ ਅਤੇ ਕੋਆਰਡੀਨੇਟਰ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਦੇਸ਼ ਦੀ ਆਜ਼ਾਦੀ ਵਿੱਚ ਪਾਏ ਅਮੋਲਕ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਅਸੀਂ ਅੱਜ ਜੋ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਹ ਇਨ੍ਹਾਂ ਸੂਰਬੀਰਾਂ ਦੀ ਕੁਰਬਾਨੀ ਦਾ ਨਤੀਜਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਾ-ਰਹਿਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਆਪਣੀ ਜਵਾਨੀ ਨੂੰ ਸਮਾਜ ਸੇਵਾ ਵਿੱਚ ਲਗਾਇਆ ਜਾਵੇ ਅਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਯਤਨ ਕੀਤੇ ਜਾਣ। ਡਾ. ਸੁਮਿੰਦਰ ਸਿੰਘ (ਡਾਇਰੈਕਟਰ ਹਿਊਮਨ ਰਾਇਟਸ ਸਹਾਰਾ), ਡਾ. ਦਿਨੇਸ਼ ਗਰੋਵਰ (ਸਹਾਰਾ ਮੈਡੀਕਲ ਵਿੰਗ) ਅਤੇ ਮਨਪ੍ਰੀਤ ਸਿੰਘ ਸੇਠੀ (ਮੀਤ ਪ੍ਰਧਾਨ, ਖੱਤਰੀ ਮਹਾਂਸਭਾ ਪੰਜਾਬ) ਨੇ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਈਏ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੇਸ਼ ਦੀ ਤਰੱਕੀ ਲਈ ਸੱਚੇ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕਰੀਏ। ਸਹਾਰਾ ਬਲੱਡ ਡੋਨਰਜ਼ ਵਿੰਗ ਦੇ ਡਾਇਰੈਕਟਰ ਸੁਭਾਸ਼ ਕਰਾੜੀਆ ਨੇ ਰਿਕਸ਼ਾ ਚਾਲਕ-ਮਾਲਕ ਯੂਨੀਅਨ ਵੱਲੋਂ ਹਰ ਸਾਲ ਮਨਾਏ ਜਾਂਦੇ ਸ਼ਹੀਦੀ ਸਮਾਰੋਹ ਦੀ ਸ਼ਲਾਘਾ ਕੀਤੀ। ਇਸ ਮੌਕੇ ਸਹਾਰਾ ਮੈਂਬਰ ਗੁਰਤੇਜ ਖੇਤਲਾ (ਪ੍ਰੈੱਸ ਸਕੱਤਰ), ਅਭਿਨੰਦਨ ਚੌਹਾਨ, ਸੁਖਵਿੰਦਰ ਕਰਾੜੀਆ ਅਤੇ ਰਿਕਸ਼ਾ ਚਾਲਕ-ਮਾਲਕ ਯੂਨੀਅਨ ਦੇ ਮੈਂਬਰਾਂ ਨੇ ਦੇਸ਼ ਭਗਤੀ ਦੇ ਨਾਅਰਿਆਂ “ਭਾਰਤ ਮਾਤਾ ਦੀ ਜੈ” ਅਤੇ “ਵੰਦੇ ਮਾਤਰਮ” ਦੀ ਗੂੰਜ ਵਿਚ ਸ਼ਹੀਦਾਂ ਨੂੰ ਫੁੱਲ ਮਾਲਾਵਾਂ ਅਰਪਿਤ ਕਰਦਿਆਂ ਨਮਨ ਕੀਤਾ।

Posted By: Daily Suraj Bureau

Latest News