ਅੰਮ੍ਰਿਤਸਰ ‘ਚ ਵੱਡੀ ਕਾਰਵਾਈ: 12 ਕਿਲੋ ਨਸ਼ਾ ਬਰਾਮਦ, ਤਿੰਨ ਤਸਕਰ ਕਾਬੂ
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਚੱਲ ਰਹੇ ਅਭਿਆਨ ਦੇ ਤਹਿਤ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਊਂਟਰ ਇੰਟੈਲੀਜੈਂਸ (CI) ਅੰਮ੍ਰਿਤਸਰ ਨੇ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰੀ ਦੇ ਇੱਕ ਮੋਡੀਊਲ ਦਾ ਭੰਡਾਫੋੜ ਕੀਤਾ ਹੈ। ਇਸ ਦੌਰਾਨ ਤਿੰਨ ਆਪਰੇਟਿਵਜ਼ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 6 ਕਿਲੋ ਹੈਰੋਇਨ ਅਤੇ 6 ਕਿਲੋ ICE (ਕ੍ਰਿਸਟਲ ਮੈਥਾਮਫੇਟਾਮਾਈਨ) ਬਰਾਮਦ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਮਵਾਰ ਨੂੰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਪ੍ਰਤਾਪ ਸਿੰਘ (ਪਿੰਡ ਸੁਰਸਿੰਘ ਵਾਲਾ, ਫਿਰੋਜ਼ਪੁਰ), ਅਜੈਪਾਲ ਸਿੰਘ (ਪਿੰਡ ਕੋਹਾਲਾ, ਅੰਮ੍ਰਿਤਸਰ) ਅਤੇ ਜੋਬਨਦੀਪ ਸਿੰਘ (ਪਿੰਡ ਖਿਆਲਾ ਕਲਾਂ, ਅੰਮ੍ਰਿਤਸਰ) ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਕਾਲੇ ਰੰਗ ਦੀ ਸਪਲੈਂਡਰ ਮੋਟਰਸਾਈਕਲ (PB02FE1185) ਅਤੇ ਚਿੱਟੇ ਰੰਗ ਦੀ ਐਕਟਿਵਾ (PB02ET8995) ਵੀ ਜ਼ਬਤ ਕੀਤੀ ਹੈ, ਜੋ ਨਸ਼ੇ ਦੀ ਢੁਆਈ ਲਈ ਵਰਤੀ ਜਾ ਰਹੀ ਸੀ। ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪ੍ਰਤਾਪ ਸਿੰਘ ਅਤੇ ਅਜੈਪਾਲ ਸਿੰਘ ਸਿੱਧੇ ਤੌਰ ‘ਤੇ ਪਾਕਿਸਤਾਨ ਆਧਾਰਿਤ ਤਸਕਰ ਨਾਲ ਸੰਪਰਕ ਵਿੱਚ ਸਨ। ਇਹ ਮੁਲਜ਼ਮ ਡਰੋਨ ਦੀ ਮਦਦ ਨਾਲ ਸਰਹੱਦ ਪਾਰੋਂ ਆਉਣ ਵਾਲੀਆਂ ਨਸ਼ੇ ਦੀਆਂ ਖੇਪਾਂ ਨੂੰ ਅੰਮ੍ਰਿਤਸਰ ਦੇ ਪਿੰਡ ਅਟਲਗੜ੍ਹ ਅਤੇ ਰੱਤਣ ਦੇ ਫੈਂਸਿੰਗ ਇਲਾਕੇ ਤੋਂ ਇਕੱਠਾ ਕਰਦੇ ਸਨ। ਉਨ੍ਹਾਂ ਨੇ ਹੋਰ ਦੱਸਿਆ ਕਿ ਇਹ ਮੁਲਜ਼ਮ ਬਾਅਦ ਵਿੱਚ ਇਸ ਨਸ਼ੇ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕਰਨ ਦਾ ਕੰਮ ਕਰਦੇ ਸਨ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸੀ.ਆਈ. ਅੰਮ੍ਰਿਤਸਰ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਪ੍ਰਤਾਪ ਸਿੰਘ ਅਤੇ ਅਜੈਪਾਲ ਸਿੰਘ ਨੇ ਹਾਲ ਹੀ ਵਿੱਚ ਡਰੋਨ ਰਾਹੀਂ ਵੱਡੀ ਖੇਪ ਪ੍ਰਾਪਤ ਕੀਤੀ ਹੈ ਅਤੇ ਉਹ ਇਸਨੂੰ ਪਿੰਡ ਪਾਧਰੀ ਦੇ ਵਾਟਰ ਟੈਂਕ ਸ਼ਮਸ਼ਾਨ ਘਾਟ ਨੇੜੇ ਆਪਣੇ ਸਾਥੀ ਜੋਬਨਦੀਪ ਸਿੰਘ ਨੂੰ ਸੌਂਪਣ ਜਾ ਰਹੇ ਹਨ। ਇਸ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਮੌਕੇ ‘ਤੇ ਛਾਪਾ ਮਾਰ ਕੇ ਤਿੰਨਾਂ ਮੁਲਜ਼ਮਾਂ ਨੂੰ 6 ਕਿਲੋ ਹੈਰੋਇਨ ਅਤੇ 6 ਕਿਲੋ ICE ਸਮੇਤ ਗ੍ਰਿਫਤਾਰ ਕਰ ਲਿਆ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅੱਗੇ ਅਤੇ ਪਿੱਛੇ ਦੇ ਲਿੰਕਾਂ ਦੀ ਜਾਂਚ ਜਾਰੀ ਹੈ ਤਾਂ ਜੋ ਪੂਰੇ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਪੁਲਿਸ ਥਾਣਾ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ, ਅੰਮ੍ਰਿਤਸਰ ਵਿੱਚ ਐਫਆਈਆਰ ਨੰਬਰ 10 ਮਿਤੀ 23.02.2026 ਅਧੀਨ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 22, 25 ਅਤੇ 29 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Posted By: Daily Suraj Bureau