ਕਾਂਗੋ 'ਚ ਭਿਆਨਕ ਹਾਦਸਾ: ਦੋ ਸਕੂਲਾਂ 'ਚ ਅੱਗ ਲੱਗਣ ਕਾਰਨ 26 ਵਿਦਿਆਰਥੀਆਂ ਦੀ ਮੌਤ, ਭਗਦੜ ਮਚਣ ਨਾਲ ਵਾਪਰਿਆ ਭਾਣਾ
ਕਾਂਗੋ ਦੇ ਬੁਕਾਵੂ ਸ਼ਹਿਰ ਵਿੱਚ ਵੀਰਵਾਰ ਨੂੰ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਦੋ ਸਕੂਲਾਂ ਨੂੰ ਅੱਗ ਲੱਗਣ ਕਾਰਨ 26 ਵਿਦਿਆਰਥੀਆਂ ਦੀ ਮੌਤ ਹੋ ਗਈ। ਮਾਰਨ ਵਾਲਿਆਂ ਵਿੱਚ 19 ਕੁੜੀਆਂ ਅਤੇ 7 ਮੁੰਡੇ ਸ਼ਾਮਲ ਹਨ। ਇਸ ਘਟਨਾ ਵਿੱਚ 29 ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਸਥਾਨਕ ਹਸਪਤਾਲਾਂ ਵਿੱਚ ਇਲਾਜ ਚੱਲ ਰਹੀ ਹੈ। ਪ੍ਰਾਪਤ ਰਿਪੋਰਟਾਂ ਅਨੁਸਾਰ, ਅੱਗ ਸਭ ਤੋਂ ਪਹਿਲਾਂ ਨੇੜਲੇ ਇੱਕ ਰਿਹਾਇਸ਼ੀ ਘਰ ਵਿੱਚ ਲੱਗੀ ਸੀ, ਜੋ ਵੇਖਦਿਆਂ ਹੀ ਵੇਖਦਿਆਂ ਨਾਲ ਲੱਗਦੇ ਫੁਰਾਹਾ ਸੈਕੰਡਰੀ ਸਕੂਲ ਅਤੇ ਉਜਾਮਾ ਪ੍ਰਾਇਮਰੀ ਸਕੂਲ ਵਿੱਚ ਫੈਲ ਗਈ। ਹਾਦਸੇ ਸਮੇਂ ਕਈ ਵਿਦਿਆਰਥੀ ਫੁਰਾਹਾ ਸੈਕੰਡਰੀ ਸਕੂਲ ਦੇ ਅੰਦਰ ਹੀ ਫਸ ਗਏ, ਜਿਸ ਕਾਰਨ ਕਈ ਬੱਚਿਆਂ ਦਾ ਧੂੰਏਂ ਨਾਲ ਦਮ ਘੁੱਟ ਗਿਆ। ਇਹ ਖੇਤਰ ਫਿਲਹਾਲ ਰਵਾਂਡਾ ਸਮਰਥਿਤ AFC/M23 ਬਾਗੀਆਂ ਦੇ ਨਿਯੰਤਰਣ ਹੇਠ ਹੈ, ਜਿਨ੍ਹਾਂ ਨੇ ਫਰਵਰੀ 2025 ਵਿੱਚ ਪੂਰਬੀ ਕਾਂਗੋ 'ਤੇ ਕਬਜ਼ਾ ਕੀਤਾ ਸੀ। ਅਧਿਕਾਰੀਆਂ ਨੇ ਖਦਸ਼ਾ ਜਤਾਇਆ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਸਥਾਨਕ ਅਧਿਕਾਰੀ ਮੋਇਜ ਲੁਬਾਲਾ ਨੇ ਦੱਸਿਆ ਕਿ ਸਕੂਲ ਤੋਂ ਬਾਹਰ ਨਿਕਲਣ ਦਾ ਰਸਤਾ ਬਹੁਤ ਹੀ ਤੰਗ ਸੀ। ਜਿਵੇਂ ਹੀ ਅੱਗ ਦੀਆਂ ਲਪਟਾਂ ਫੈਲੀਆਂ, ਸਕੂਲ ਅੰਦਰ ਭਗਦੜ ਮਚ ਗਈ। ਰਸਤਾ ਤੰਗ ਹੋਣ ਕਾਰਨ ਬਹੁਤ ਸਾਰੇ ਬੱਚੇ ਮੁੱਖ ਦਰਵਾਜ਼ੇ ਵੱਲ ਭੱਜੇ, ਜਦਕਿ ਕੁੱਝ ਵਿਦਿਆਰਥੀਆਂ ਨੇ ਖਿੜਕੀਆਂ ਰਾਹੀਂ ਬਾਹਰ ਕੁੱਦਣ ਦੀ ਕੋਸ਼ਿਸ਼ ਕੀਤੀ। ਬਾਹਰ ਨਿਕਲਣ ਦੀ ਇਸ ਆਫੋ-ਧਾਫੀ ਵਿੱਚ ਬੱਚੇ ਇੱਕ-ਦੂਜੇ ਨਾਲ ਟਕਰਾ ਗਏ, ਕਈ ਜ਼ਮੀਨ 'ਤੇ ਡਿੱਗ ਪਏ ਅਤੇ ਭਗਦੜ ਵਿੱਚ ਹੇਠਾਂ ਦੱਬੇ ਗਏ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਹ ਹਾਦਸਾ ਜਿਸ ਇਲਾਕੇ ਵਿੱਚ ਵਾਪਰਿਆ, ਉਹ ਬਹੁਤ ਸੰਘਣੀ ਆਬਾਦੀ ਵਾਲਾ ਖੇਤਰ ਹੈ। ਪ੍ਰਸ਼ਾਸਨ ਅਤੇ ਸਥਾਨਕ ਅਧਿਕਾਰੀਆਂ ਅਨੁਸਾਰ ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਜ਼ਖ਼ਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਅਧਿਕਾਰੀ ਮ੍ਰਿਤਕਾਂ ਤੇ ਜ਼ਖ਼ਮੀਆਂ ਦੀ ਸਹੀ ਗਿਣਤੀ ਇਕੱਠੀ ਕਰਨ ਦੇ ਨਾਲ-ਨਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
Posted By: Daily Suraj Bureau