Daily Suraj

ਪੰਜਾਬੀ

ਕਿਸਾਨ ਦੀ ਲਿਮਟ ਦੇ 26 ਲੱਖ ਨਿਕਲਣ ਦੇ ਮਾਮਲੇ ਨੂੰ ਲੈ ਕੇ ਕਿਸਾਨ ਯੂਨੀਅਨ ਨੇ ਲਗਾਇਆ ਧਰਨਾ

10 Feb, 2026 01:28 PM

ਗੁੱਸੇ ਵਿਚ ਆਏ ਕਿਸਾਨਾਂ ਨੇ ਐਚਡੀਐਫਸੀ ਬੈਕ ਦੀ ਬਰਾਚ ਨੂੰ ਬਾਹਰੋ ਬੰਦ ਕਰਕੇ ਲਗਾਇਆ ਧਰਨਾ ਅਮਲੋਹ ( ਮੁਖ਼ਤਿਆਰ ਸਿੰਘ) ਐਚਡੀਐਫਸੀ ਦੀ ਅਮਲੋਹ ਬਰਾਂਚ ਵਿਚੋ ਇਕ ਕਿਸਾਨ ਦੀ ਬੈਕ ਲਿਮਟ ਦੇ 26 ਲੱਖ ਰੁਪਏ ਭੇਤਭਰੀ ਹਾਲਤ ਵਿਚ ਗਾਇਬ ਹੋਣ ਦੇ ਮਾਮਲੇ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੀ ਅਗਵਾਈ ਵਿਚ ਕਿਸਾਨਾਂ ਨੇ ਬਰਾਚ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਆਪਣਾ ਧਰਨਾ ਲਗਾ ਦਿਤਾ ਅਤੇ ਬੈਕ ਨੂੰ ਬਾਹਰੋ ਬੰਦ ਕਰਕੇ ਸਾਰਾ ਕਾਰਜ ਠੱਪ ਕਰ ਦਿਤਾ। ਧਰਨੇ ਨੂੰ ਸੰਬੋਧਨ ਕਰਦਿਆ ਯੂਨੀਅਨ ਦੇ ਜਿਲਾ ਪਟਿਆਲਾ ਦੇ ਪ੍ਰਧਾਨ ਗੁਰਬਚਨ ਸਿੰਘ ਕਨਸੂਹਾ, ਜਨਰਲ ਸਕੱਤਰ ਜਗਮੇਲ ਸਿੰਘ ਸੁਧੇਵਾਲ, ਸੂਬਾਈ ਆਗੂ ਦਲਜਿੰਦਰ ਸਿੰਘ ਆਲੋਵਾਲ, ਬਲਾਕ ਭਾਦਸੋ ਦੇ ਪ੍ਰਧਾਨ ਸਰਬਜੀਤ ਸਿੰਘ ਭੜ੍ਹੀ, ਜਨਰਲ ਸਕੱਤਰ ਪ੍ਰਗਟ ਸਿੰਘ ਦੰਦਰਾਲਾ ਅਤੇ ਗੁਰਜੀਤ ਸਿੰਘ ਦਰਗਾਪੁਰ ਅਤੇ ਪਰਵਿੰਦਰ ਸਿੰਘ ਆਲੋਵਾਲ ਨੇ ਦਸਿਆ ਕਿ ਬੈਕ ਵਿਚੋ ਰਾਮ ਸਿੰਘ ਵਾਸੀ ਆਲੋਵਾਲ ਅਤੇ ਉਸਦੇ ਭਰਾ ਹਰਮੇਲ ਸਿੰਘ ਦੀ ਸਾਂਝੀ ਲਿਮਟ ਦੇ ਖਾਤੇ ਵਿਚੋ ਭੇਤਭਰੀ ਹਾਲਤ ਵਿਚ 26 ਲੱਖ ਰੁਪਏ ਦੀ ਰਾਸ਼ੀ ਗਾਇਬ ਹੋ ਗਈ ਜਿਸ ਸਬੰਧੀ ਉਚਅਧਿਕਾਰੀਆਂ ਅਤੇ ਸਾਇਬਰ ਕਰਾਇਮ ਪਾਸ ਸਿਕਾਇਤਾਂ ਭੇਜਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਣ ਉਨ੍ਹਾਂ ਨੇ ਅੱਜ ਅਣਮਿੱਥੇ ਸਮੇਂ ਲਈ ਇਹ ਧਰਨਾ ਸੁਰੂ ਕੀਤਾ ਹੈ। ਪੀੜਤ ਕਿਸਾਨ ਰਾਮ ਸਿੰਘ ਨੇ ਦਸਿਆ ਕਿ ਉਸ ਦੀ ਅਤੇ ਉਸ ਦੇ ਭਰਾ ਦੀ ਬੈਕ ਦੀ ਪਟਿਆਲਾ ਬਰਾਂਚ ਵਿਚ 52 ਲੱਖ ਰੁਪਏ ਦੀ ਲਿਮਟ ਸੀ, ਜਿਸ ਵਿਚੋ ਉਨ੍ਹਾਂ 26 ਲੱਖ ਰੁਪਏ ਦੀ ਆਪਣੀ ਲੋੜ ਲਈ ਰਾਸੀ ਕਢਵਾ ਲਈ। ਉਸ ਨੇ ਦਸਿਆ ਕਿ 18 ਅਗਸਤ 2025 ਨੂੰ ਉਸਦਾ ਵੱਟਸਅੱਪ ਕੁਝ ਮਿੰਟਾਂ ਲਈ ਹੈਗ ਹੋ ਗਿਆ ਤਾਂ ਉਸ ਨੇ ਤੁਰੰਤ ਬੈਕ ਦੇ ਇੰਦਰਦੀਪ ਸਿੰਘ ਨਾਲ ਸੰਪਰਕ ਕਰਕੇ ਲਿਖਤੀ ਸਿਕਾਇਤ ਦਿਤੀ ਅਤੇ ਉਨ੍ਹਾਂ ਭਰੋਸਾ ਦਿਤਾ ਕਿ ਬੈਕਾਂ ਵਿਚੋ ਇਸ ਤਰ੍ਹਾਂ ਪੈਸੇ ਨਹੀਂ ਨਿਕਲਦੇ ਜੇਕਰ ਅਜਿਹਾ ਹੁੰਦਾ ਤਾਂ ਬੈਕਾਂ ਖਾਲੀ ਹੋ ਜਾਦੀਆਂ। ਉਨ੍ਹਾਂ ਦਸਿਆ ਕਿ 15.9.2025 ਨੂੰ ਉਨ੍ਹਾਂ 5 ਲੱਖ ਰੁਪਏ ਦਾ ਅੰਮ੍ਰਿਤਪਾਲ ਸਿੰਘ ਦੇ ਨਾਮ ਚੈਕ ਦਿਤਾ ਪ੍ਰੰਤੂ ਪੈਸੇ ਖਾਤੇ ਵਿਚ ਨਾ ਪੈਣ ਕਾਰਣ 16 ਸਤੰਬਰ ਨੂੰ ਜਦੋ ਉਨ੍ਹਾਂ ਪਟਿਆਲਾ ਸਥਿੱਤ ਬੈਕ ਵਿਚ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਤੁਹਾਡਾ ਖਾਤਾ ਅਮਲੋਹ ਟਰਾਂਸਫ਼ਰ ਹੋ ਚੁਕਿਆ ਹੈ ਜਿਥੋ 13,14,15 ਸਤੰਬਰ ਨੂੰ 26 ਲੱਖ ਰੁਪਏ ਦੀ ਰਾਸ਼ੀ ਨਿਕਲ ਚੁਕੀ ਹੈ ਜਦੋ ਕਿ ਉਨ੍ਹਾਂ ਨਾ ਹੀ ਖਾਤਾ ਟਰਾਂਸਫ਼ਰ ਕਰਵਾਇਆ ਅਤੇ ਨਾ ਹੀ ਇਹ ਰਾਸ਼ੀ ਕਢਵਾਈ। ਉਸ ਨੇ ਦੋਸ਼ ਲਾਇਆ ਕਿ ਇਹ ਸਾਰਾ ਕੁਝ ਕਥਿਤ ਮਿਲੀਭੁੱਗਤ ਦਾ ਨਤੀਜਾ ਹੈ ਜਿਸ ਦੀ ਉਚਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਸ ਦੇ ਪੈਸੇ ਵਾਪਸ ਕਰਵਾਏ ਜਾਣ। ਇਸ ਸਬੰਧੀ ਜਦੋ ਅਮਲੋਹ ਬਰਾਂਚ ਦੇ ਮਨੇਜਰ ਪ੍ਰਿੰਸ ਵਾਲੀਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਪੱਧਰ ‘ਤੇ ਇਸ ਸਬੰਧੀ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਉਚਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਜਿਸ ਅਧਿਕਾਰੀ ਦਾ ਨੰਬਰ ਦਿਤਾ ਉਸ ਨੇ ਵੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ। ਕਿਸਾਨ ਆਗੂਆਂ ਨੇ ਕਿਹਾ ਕਿ ਇਨਸਾਫ਼ ਮਿਲਣ ਤੱਕ ਰੋਜਾਨਾ ਧਰਨਾ ਜਾਰੀ ਰਹੇਗਾ।

Posted By: Daily Suraj Bureau

Latest News