ਪਰਮਿੰਦਰ ਸਿੰਘ ਗੋਲਡੀ ਦੀਆਂ ਸਰਗਰਮੀਆਂ ਵਿਚਾਲੇ ਅਨਮੋਲ ਗਗਨ ਮਾਨ ਦਾ ਬਿਆਨ ਚਰਚਾ ਵਿੱਚ
ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੀ ਸੋਸ਼ਲ ਮੀਡੀਆ ’ਤੇ ਆਈ ਤਾਜ਼ਾ ਪੋਸਟ ਨੇ ਹਲਕੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਪਿਛਲੇ ਕਈ ਮਹੀਨਿਆਂ ਤੋਂ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਰਹਿਣ ਮਗਰੋਂ ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਸੁਨੇਹੇ ਨੂੰ ਸਿਆਸੀ ਹਲਕਿਆਂ ਵਿੱਚ ਵੱਖ-ਵੱਖ ਅਰਥਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਅਨਮੋਲ ਗਗਨ ਮਾਨ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ, ‘‘ਕਦੇ-ਕਦੇ ਇਹ ਦਿਖਾਵਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਤੁਹਾਡੀ ਕਿਸ਼ਤੀ ਵਿੱਚ ਸੁਰਾਖ਼ ਹੈ, ਤਾਂ ਕਿ ਉਹ ਸਾਰੇ ਲੋਕ ਛਾਲ ਮਾਰ ਦੇਣ, ਜੋ ਤੁਹਾਡੇ ਨਾਲ ਰਹਿਣ ਦੇ ਹੱਕਦਾਰ ਨਹੀਂ ਹਨ।’’ ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਖਰੜ ਦੇ ਸਿਆਸੀ ਮਾਹੌਲ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ।
ਦੂਜੇ ਪਾਸੇ, ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵੱਲੋਂ ਖਰੜ ਵਿੱਚ ਪਰਮਿੰਦਰ ਸਿੰਘ ਗੋਲਡੀ ਨੂੰ ਨਵਾਂ ਹਲਕਾ ਇੰਚਾਰਜ ਨਿਯੁਕਤ ਕੀਤਾ ਜਾ ਚੁੱਕਾ ਹੈ। ਨਿਯੁਕਤੀ ਤੋਂ ਬਾਅਦ ਗੋਲਡੀ ਨੇ ਹਲਕੇ ਵਿੱਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ ਅਤੇ ਲਗਾਤਾਰ ਵੱਖ-ਵੱਖ ਥਾਵਾਂ ’ਤੇ ਉਦਘਾਟਨ ਕੀਤੇ ਜਾ ਰਹੇ ਹਨ।
ਇਸ ਦੌਰਾਨ ਸ਼ਹਿਰ ਵਿੱਚ ਇਹ ਚਰਚਾ ਵੀ ਚੱਲ ਰਹੀ ਹੈ ਕਿ ਅਧਿਕਾਰੀ ਅਤੇ ਕੌਂਸਲਰ ਹੁਣ ਨਵੇਂ ਹਲਕਾ ਇੰਚਾਰਜ ਨਾਲ ਜੁੜਨ ਲੱਗੇ ਹਨ, ਜਦਕਿ ਮੌਜੂਦਾ ਵਿਧਾਇਕਾ ਦੀ ਸਿਆਸੀ ਸਰਗਰਮੀ ਪਹਿਲਾਂ ਦੇ ਮੁਕਾਬਲੇ ਘੱਟ ਦਿਖਾਈ ਦੇ ਰਹੀ ਹੈ। ਹਾਲਾਂਕਿ, ਇਨ੍ਹਾਂ ਚਰਚਾਵਾਂ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਅਨਮੋਲ ਗਗਨ ਮਾਨ ਦੀ ਪੋਸਟ ਅਤੇ ਖਰੜ ਵਿੱਚ ਪਾਰਟੀ ਦੀਆਂ ਬਦਲਦੀਆਂ ਸਰਗਰਮੀਆਂ ਨੂੰ ਲੈ ਕੇ ਸਿਆਸੀ ਮਾਹਿਰ ਕਈ ਤਰ੍ਹਾਂ ਦੇ ਅਨੁਮਾਨ ਲਗਾ ਰਹੇ ਹਨ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਆਉਣ ਵਾਲੀਆਂ ਚੋਣਾਂ ਵਿੱਚ ਅਨਮੋਲ ਗਗਨ ਮਾਨ ਦੀ ਟਿਕਟ ਪ੍ਰਭਾਵਿਤ ਹੋ ਸਕਦੀ ਹੈ ਜਾਂ ਫਿਰ ਇਹ ਪਾਰਟੀ ਅੰਦਰ ਚੱਲ ਰਹੇ ਕਿਸੇ ਮਤਭੇਦ ਦਾ ਸੰਕੇਤ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਆਉਣ ਵਾਲਾ ਸਮਾਂ ਹੀ ਦੇਵੇਗਾ।