ਬੈਂਫ ਨੈਸ਼ਨਲ ਪਾਰਕ ’ਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਹਾਈਵੇਅ ’ਤੇ ਉਤਾਰਿਆ ਛੋਟਾ ਜਹਾਜ਼
ਕੈਨੇਡਾ ਦੇ ਬੈਂਫ ਨੈਸ਼ਨਲ ਪਾਰਕ ਵਿੱਚ ਮੰਗਲਵਾਰ ਨੂੰ ਇੱਕ ਛੋਟੇ ਸਿੰਗਲ-ਇੰਜਣ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਟਰਾਂਸ-ਕੈਨੇਡਾ ਹਾਈਵੇਅ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਘਟਨਾ ਤੋਂ ਬਾਅਦ ਹਾਈਵੇਅ ਤੋਂ ਲੰਘ ਰਹੇ ਵਾਹਨ ਚਾਲਕਾਂ ਨੂੰ ਸੜਕ ਦੇ ਕਿਨਾਰੇ ਇੱਕ ਛੋਟਾ ਪ੍ਰੋਪੈਲਰ ਜਹਾਜ਼ ਖੜ੍ਹਾ ਦਿਖਾਈ ਦਿੱਤਾ। ਇਸ ਘਟਨਾ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਮੁਤਾਬਕ ਜਹਾਜ਼ ਵਿੱਚ ਮਕੈਨੀਕਲ ਸਮੱਸਿਆ ਆਉਣ ਤੋਂ ਬਾਅਦ ਪਾਇਲਟ ਨੇ ਸੁਰੱਖਿਅਤ ਥਾਂ ਦੀ ਭਾਲ ਕੀਤੀ। ਇਸ ਤੋਂ ਬਾਅਦ ਦੁਪਹਿਰ ਕਰੀਬ 3 ਵਜੇ ਪਾਇਲਟ ਨੇ ਕੈਸਲ ਜੰਕਸ਼ਨ ਨੇੜੇ ਰੈੱਡ ਅਰਥ ਵਾਈਲਡਲਾਈਫ ਓਵਰਪਾਸ ਤੋਂ ਥੋੜ੍ਹਾ ਪਹਿਲਾਂ ਹਾਈਵੇਅ ’ਤੇ ਜਹਾਜ਼ ਨੂੰ ਸਫਲਤਾਪੂਰਵਕ ਉਤਾਰ ਲਿਆ। ਪੁਲਿਸ ਅਨੁਸਾਰ ਐਮਰਜੈਂਸੀ ਲੈਂਡਿੰਗ ਦੌਰਾਨ ਕਿਸੇ ਵਿਅਕਤੀ ਨੂੰ ਕੋਈ ਸੱਟ ਨਹੀਂ ਲੱਗੀ। ਜਹਾਜ਼ ਨੂੰ ਵੀ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਪੁਲਿਸ ਨੇ ਦੱਸਿਆ ਕਿ ਜਿਸ ਹਿੱਸੇ ’ਤੇ ਜਹਾਜ਼ ਨੂੰ ਉਤਾਰਿਆ ਗਿਆ, ਉਸ ਸਮੇਂ ਉੱਥੇ ਕੋਈ ਵਾਹਨ ਮੌਜੂਦ ਨਹੀਂ ਸੀ। ਪਾਰਕਸ ਕੈਨੇਡਾ ਅਤੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਪਾਇਲਟ ਨੇ ਹਾਈਵੇਅ ਦੇ ਕਿਨਾਰੇ ਹੀ ਜਹਾਜ਼ ਦੀ ਲੋੜੀਂਦੀ ਮੁਰੰਮਤ ਕੀਤੀ। ਮੁਰੰਮਤ ਦਾ ਕੰਮ ਪੂਰਾ ਹੋਣ ਤੋਂ ਬਾਅਦ ਕਰੀਬ 4:40 ਵਜੇ ਜਹਾਜ਼ ਨੇ ਮੁੜ ਉਡਾਣ ਭਰੀ ਅਤੇ ਅਲਬਰਟਾ ਦੇ ਰੈੱਡ ਡੀਅਰ ਵੱਲ ਰਵਾਨਾ ਹੋ ਗਿਆ।
Posted By: Daily Suraj Bureau