ਅੰਮ੍ਰਿਤਸਰ ਤੋਂ ਕੋਲਕਾਤਾ ਦਾ ਸਿੱਧਾ ਹਵਾਈ ਸਫ਼ਰ ਹੋਵੇਗਾ ਆਸਾਨ, ਹਫ਼ਤੇ ’ਚ 3 ਦਿਨ ਚੱਲੇਗੀ ਉਡਾਣ
ਪੰਜਾਬ ਅਤੇ ਪੱਛਮੀ ਬੰਗਾਲ ਵਿਚਾਲੇ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਰਾਹਤ ਦੀ ਖ਼ਬਰ ਹੈ। ਇੰਡੀਗੋ ਵੱਲੋਂ 1 ਅਕਤੂਬਰ ਤੋਂ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਤੋਂ ਕੋਲਕਾਤਾ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਇਹ ਸੇਵਾ ਹਫ਼ਤੇ ਵਿੱਚ ਤਿੰਨ ਦਿਨ ਚੱਲੇਗੀ। ਇਸ ਦੇ ਨਾਲ ਹੀ ਇੰਡੀਗੋ ਵੱਲੋਂ ਕੋਲਕਾਤਾ ਰਾਹੀਂ ਅੰਮ੍ਰਿਤਸਰ ਅਤੇ ਗੁਹਾਟੀ ਵਿਚਕਾਰ ਵੀ ਹਵਾਈ ਸੰਪਰਕ ਮੁਹੱਈਆ ਕਰਵਾਇਆ ਜਾਵੇਗਾ। ‘ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ’ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਇਨੀਸ਼ੀਏਟਿਵ ਦੇ ਇੰਡੀਆ ਕਨਵੀਨਰ ਤੇ ‘ਅੰਮ੍ਰਿਤਸਰ ਵਿਕਾਸ ਮੰਚ’ ਦੇ ਜਨਰਲ ਸਕੱਤਰ ਯੋਗੇਸ਼ ਕਾਮਰਾ ਨੇ ਇਸ ਰੂਟ ਦੀ ਮੁੜ ਸ਼ੁਰੂਆਤ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸੇਵਾ ਨਾਲ ਪੰਜਾਬ, ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਭਾਰਤ ਵਿਚਾਲੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਲਾਭ ਮਿਲੇਗਾ। ਖ਼ਾਸ ਤੌਰ ’ਤੇ ਪੱਛਮੀ ਬੰਗਾਲ ਅਤੇ ਅਸਾਮ ਵਿੱਚ ਰਹਿੰਦੇ ਪੰਜਾਬੀ ਤੇ ਸਿੱਖ ਭਾਈਚਾਰੇ, ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ, ਸੈਲਾਨੀਆਂ, ਪਰਿਵਾਰਾਂ, ਵਿਦਿਆਰਥੀਆਂ ਅਤੇ ਵਪਾਰੀਆਂ ਲਈ ਇਹ ਸੇਵਾ ਲਾਹੇਵੰਦ ਹੋਵੇਗੀ। ਹਫ਼ਤੇ ’ਚ ਤਿੰਨ ਦਿਨ ਚੱਲੇਗੀ ਉਡਾਣ ਮੌਜੂਦਾ ਸਮਾਂ-ਸਾਰਣੀ ਮੁਤਾਬਕ ਕੋਲਕਾਤਾ-ਅੰਮ੍ਰਿਤਸਰ ਉਡਾਣ 6E 201 ਮੰਗਲਵਾਰ, ਵੀਰਵਾਰ ਅਤੇ ਸ਼ਨਿੱਚਰਵਾਰ ਨੂੰ ਚੱਲੇਗੀ। ਇਹ ਉਡਾਣ ਕੋਲਕਾਤਾ ਤੋਂ ਸਵੇਰੇ 9:45 ਵਜੇ ਰਵਾਨਾ ਹੋ ਕੇ ਦੁਪਹਿਰ 12:25 ਵਜੇ ਅੰਮ੍ਰਿਤਸਰ ਪਹੁੰਚੇਗੀ। ਵਾਪਸੀ ਵਿੱਚ ਅੰਮ੍ਰਿਤਸਰ-ਕੋਲਕਾਤਾ ਉਡਾਣ 6E 6344 ਦੁਪਹਿਰ 1:05 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ 3:35 ਵਜੇ ਕੋਲਕਾਤਾ ਪਹੁੰਚੇਗੀ। ਇਸ ਤਰ੍ਹਾਂ ਦੋਵਾਂ ਸ਼ਹਿਰਾਂ ਵਿਚਾਲੇ ਸਿੱਧੇ ਹਵਾਈ ਸਫ਼ਰ ਦਾ ਸਮਾਂ ਲਗਪਗ ਢਾਈ ਘੰਟੇ ਰਹੇਗਾ। ਗੁਹਾਟੀ ਨਾਲ ਵੀ ਜੁੜੇਗਾ ਅੰਮ੍ਰਿਤਸਰ ਉਡਾਣ 6E 201 ਗੁਹਾਟੀ ਤੋਂ ਸਵੇਰੇ 7:50 ਵਜੇ ਰਵਾਨਾ ਹੋ ਕੇ ਸਵੇਰੇ 9:05 ਵਜੇ ਕੋਲਕਾਤਾ ਪਹੁੰਚੇਗੀ ਅਤੇ ਉੱਥੋਂ 9:45 ਵਜੇ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ। ਵਾਪਸੀ ਦੌਰਾਨ ਉਡਾਣ 6E 6344 ਅੰਮ੍ਰਿਤਸਰ ਤੋਂ ਦੁਪਹਿਰ 3:35 ਵਜੇ ਕੋਲਕਾਤਾ ਪਹੁੰਚਣ ਤੋਂ ਬਾਅਦ ਸ਼ਾਮ 4:15 ਵਜੇ ਗੁਹਾਟੀ ਲਈ ਰਵਾਨਾ ਹੋਵੇਗੀ ਅਤੇ ਸ਼ਾਮ 5:30 ਵਜੇ ਉੱਥੇ ਪਹੁੰਚੇਗੀ। ਇਸ ਨਾਲ ਪੰਜਾਬ ਅਤੇ ਅਸਾਮ ਵਿਚਕਾਰ ਯਾਤਰੀਆਂ ਨੂੰ ਕੋਲਕਾਤਾ ਰਾਹੀਂ ਹਵਾਈ ਸੰਪਰਕ ਮਿਲੇਗਾ। ਇਸ ਸੇਵਾ ਰਾਹੀਂ ਯਾਤਰੀਆਂ ਨੂੰ ਦਿੱਲੀ ਜਾਂ ਕਿਸੇ ਹੋਰ ਹਵਾਈ ਅੱਡੇ ’ਤੇ ਜਹਾਜ਼ ਬਦਲਣ ਅਤੇ ਲੰਮੇ ਸਮੇਂ ਤੱਕ ਇੰਤਜ਼ਾਰ ਕਰਨ ਦੀ ਲੋੜ ਘਟੇਗੀ। ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਅੰਮ੍ਰਿਤਸਰ ਅਤੇ ਪੰਜਾਬ ਤੱਕ ਪਹੁੰਚ ਵੀ ਹੋਰ ਸੁਖਾਲੀ ਹੋਵੇਗੀ। 2019 ਵਿੱਚ ਸ਼ੁਰੂ ਹੋਈ ਸੀ ਸੇਵਾ ਯੋਗੇਸ਼ ਕਾਮਰਾ ਨੇ ਦੱਸਿਆ ਕਿ ਅੰਮ੍ਰਿਤਸਰ-ਕੋਲਕਾਤਾ ਹਵਾਈ ਸੇਵਾ ਇਸ ਤੋਂ ਪਹਿਲਾਂ 1 ਦਸੰਬਰ 2019 ਨੂੰ ਸ਼ੁਰੂ ਕੀਤੀ ਗਈ ਸੀ। ਦੋਵਾਂ ਨੁਮਾਇੰਦਿਆਂ ਨੇ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ ਦੇ ਯਾਤਰੀਆਂ ਨੂੰ ਮੁੜ ਸ਼ੁਰੂ ਹੋ ਰਹੀ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਵੱਲੋਂ ਲਗਾਤਾਰ ਮਿਲਣ ਵਾਲਾ ਸਮਰਥਨ ਇਸ ਰੂਟ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਉਡਾਣਾਂ ਦੀ ਗਿਣਤੀ ਵਧਾਉਣ ਲਈ ਆਧਾਰ ਬਣ ਸਕਦਾ ਹੈ। ਕੋਲਕਾਤਾ ਭਾਰਤ ਦੇ ਪ੍ਰਮੁੱਖ ਵਪਾਰਕ ਅਤੇ ਸੱਭਿਆਚਾਰਕ ਕੇਂਦਰਾਂ ਵਿੱਚੋਂ ਇੱਕ ਹੈ, ਜਿਸ ਕਰਕੇ ਇਸ ਹਵਾਈ ਸੰਪਰਕ ਨਾਲ ਯਾਤਰੀਆਂ ਅਤੇ ਵਪਾਰਕ ਵਰਗ ਨੂੰ ਵੀ ਲਾਭ ਮਿਲਣ ਦੀ ਉਮੀਦ ਹੈ।
Posted By: Daily Suraj Bureau