ਟਾਈਗਰ ਸ਼ਰੌਫ਼ ਗੋਲੀਬਾਰੀ ਮਾਮਲਾ: ਜਾਂਚ ਦੇ ਤਾਰ ਅੰਮ੍ਰਿਤਸਰ ਨਾਲ ਜੁੜੇ, ਹਥਿਆਰ ਮੁਹੱਈਆ ਕਰਵਾਉਣ ਵਾਲੇ ਦੀ ਭਾਲ ਜਾਰੀ
ਮੁੰਬਈ ਵਿਖੇ ਬੀਤੇ ਦਿਨੀਂ ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ਼ ਦੀ ਕਾਰ ’ਤੇ ਹੋਈ ਗੋਲੀਬਾਰੀ ਦੀ ਘਟਨਾ ਦੀ ਜਾਂਚ ਦੇ ਤਾਰ ਹੁਣ ਪੰਜਾਬ ਦੇ ਅੰਮ੍ਰਿਤਸਰ ਨਾਲ ਜੁੜ ਗਏ ਹਨ। ਸੁਰੱਖਿਆ ਏਜੰਸੀਆਂ ਉਸ ਵਿਅਕਤੀ ਦੀ ਸਰਗਰਮੀ ਨਾਲ ਭਾਲ ਕਰ ਰਹੀਆਂ ਹਨ ਜਿਸ ਨੇ ਇਸ ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਅਤੇ 20 ਜ਼ਿੰਦਾ ਕਾਰਤੂਸ ਮੁਹੱਈਆ ਕਰਵਾਏ ਸਨ। ਇਸ ਮਾਮਲੇ ਨੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਹੈ। ਸੂਤਰਾਂ ਅਨੁਸਾਰ, ਇਸ ਵਾਰਦਾਤ ਲਈ ਵਰਤਿਆ ਗਿਆ ਹਥਿਆਰ ਅਤੇ ਗੋਲਾ-ਬਾਰੂਦ ਅੰਮ੍ਰਿਤਸਰ ਦੇ ਇੱਕ ਵਿਅਕਤੀ ਪਾਸੋਂ ਹਾਸਲ ਕੀਤਾ ਗਿਆ ਸੀ। ਪੂਰਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਖ਼ੇਪ ਪਾਕਿਸਤਾਨ ਤੋਂ ਤਸਕਰੀ ਰਾਹੀਂ ਮੰਗਵਾਈ ਗਈ ਸੀ। ਪੰਜਾਬ ਪੁਲੀਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐੱਸ.ਆઈ. (ISI) ਡਰੋਨਾਂ ਰਾਹੀਂ ਪੰਜਾਬ ਵਿੱਚ ਵੱਡੇ ਪੱਧਰ ’ਤੇ ਹਥਿਆਰਾਂ ਦੀ ਸਪਲਾਈ ਕਰ ਰਹੀ ਹੈ। ਪੰਜਾਬ ਪੁਲੀਸ ਨੇ ਸਰਹੱਦ ਪਾਰੋਂ ਵਧ ਰਹੀ ਇਸ ਗ਼ੈਰ-ਕਾਨੂੰਨੀ ਤਸਕਰੀ ਨੂੰ ਲੈ ਕੇ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਆਧੁਨਿਕ ਹਥਿਆਰਾਂ ਦੀ ਵਰਤੋਂ ਗੈਂਗਸਟਰ ਅਤੇ ਦਹਿਸ਼ਤਗਰਦ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਫ਼ਿਲਮੀ ਹਸਤੀਆਂ ’ਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹਮਲਿਆਂ ਵਿੱਚ ਪਹਿਲਾਂ ਵੀ ਪੰਜਾਬ ਤੋਂ ਹਥਿਆਰ ਸਪਲਾਈ ਹੋਣ ਦੇ ਖ਼ੁਲਾਸੇ ਹੋਏ ਹਨ। ਅਪਰੈਲ 2024 ਵਿੱਚ ਸਲਮਾਨ ਖ਼ਾਨ ਦੇ ਬਾਂਦਰਾ ਸਥਿਤ ਘਰ ਬਾਹਰ ਹੋਈ ਗੋਲੀਬਾਰੀ ਤੋਂ ਬਾਅਦ ਵੀ ਮੁੰਬਈ ਪੁਲੀਸ ਨੇ ਸੰਗਰੂਰ ਤੋਂ ਦੋ ਹਥਿਆਰ ਸਪਲਾਇਰਾਂ ਨੂੰ ਕਾਬੂ ਕੀਤਾ ਸੀ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੀ ਤਫ਼ਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਤਾਜ਼ਾ ਹਮਲੇ ਲਈ ਵੀ ਹਥਿਆਰ ਅੰਮ੍ਰਿਤਸਰ ਦੇ ਇੱਕ ਵਿਅਕਤੀ ਪਾਸੋਂ ਲਏ ਗਏ ਸਨ। ਰਿਪੋਰਟਾਂ ਮੁਤਾਬਕ ਦਿੱਲੀ ਪੁਲੀਸ ਨੇ ਇਸ ਮਾਮਲੇ ਵਿੱਚ ਚਾਰ ਜਣਿਆਂ—ਸੋਨੀਪਤ ਦੇ ਕੁਨਾਲ (21) ਤੇ ਸੁਮਿਤ (19) ਅਤੇ ਉੱਤਰ ਪ੍ਰਦੇਸ਼ ਦੀਆਂ ਰਾਧਾ (23) ਤੇ ਬਬੀਤਾ (23) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਕੁਨਾਲ ਦਾ ਸੰਪਰਕ ਅਨਿਲ ਪੰਡਿਤ ਨਾਲ ਕਰਵਾਇਆ ਗਿਆ ਸੀ, ਜੋ ਮੂਲ ਰੂਪ ਵਿੱਚ ਪਾਣੀਪਤ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਅਮਰੀਕਾ ਵਿੱਚ ਬੈਠਾ ਲਾਰੈਂਸ ਬਿਸ਼ਨੋਈ ਗੈਂਗ ਦਾ ਕਥਿਤ ਸਾਥੀ ਦੱਸਿਆ ਜਾਂਦਾ ਹੈ। ਉਸ ਦੇ ਇਸ਼ਾਰੇ ’ਤੇ ਹੀ ਅੰਮ੍ਰਿਤਸਰ ਤੋਂ ਹਥਿਆਰ ਅਤੇ ਕਾਰਤੂਸ ਹਾਸਲ ਕੀਤੇ ਗਏ ਸਨ, ਜਿਨ੍ਹਾਂ ਨੂੰ ਰਾਧਾ ਅਤੇ ਬਬੀਤਾ ਰਾਹੀਂ ਮੁੰਬਈ ਪਹੁੰਚਾਇਆ ਗਿਆ ਸੀ। ਮੁੰਬਈ ਪੁਲੀਸ ਨੇ ਇਨ੍ਹਾਂ ਚਾਰਾਂ ਦਾ ਤਿੰਨ ਦਿਨਾਂ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਹੈ।