Daily Suraj

ਪੰਜਾਬੀ

ਐੱਸਬੀਆਈ ਡਾਟਾ ਲੀਕ ਮਾਮਲਾ: ਬੈਂਕ ਨੇ 3,897 ਗਾਹਕਾਂ ਦੇ ਰਿਕਾਰਡ ਦੀ ਕੀਤੀ ਪਛਾਣ, ਸਾਇਬਰ ਏਜੰਸੀ ਨਾਲ ਜਾਂਚ ਸ਼ੁਰੂ

21 Oct, 2026 09:59 AM

ਸਟੇਟ ਬੈਂਕ ਆਫ਼ ਇੰਡੀਆ (SBI) ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਡਾਰਕ ਵੈੱਬ ’ਤੇ ਡਾਟਾ ਲੀਕ ਹੋਣ ਦੇ ਖ਼ਦਸ਼ੇ ਦੇ ਮੁਢਲੇ ਵਿਸ਼ਲੇਸ਼ਣ ਦੌਰਾਨ ਉਸ ਨੇ ਗਾਹਕਾਂ ਦੀ ਨਿੱਜੀ ਪਛਾਣ ਨਾਲ ਜੁੜੇ 3,897 ਰਿਕਾਰਡਾਂ ਦੀ ਪਛਾਣ ਕਰ ਲਈ ਹੈ। ਇਸ ਗੰਭੀਰ ਮਾਮਲੇ ਨੂੰ ਦੇਖਦਿਆਂ ਬੈਂਕ ਨੇ ਘਟਨਾ ਦੀ ਵਿਸਥਾਰਤ ਅਤੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਸਟਾਕ ਐਕਸਚੇਂਜ ਨੂੰ ਭੇਜੀ ਗਈ ਸੂਚਨਾ ਵਿੱਚ ਬੈਂਕ ਨੇ ਦੱਸਿਆ ਕਿ 16 ਅਕਤੂਬਰ ਨੂੰ ਉਸ ਨੂੰ ਆਪਣੇ ਥ੍ਰੈਟ ਇੰਟੈਲੀਜੈਂਸ ਸਰਵਿਸ ਪ੍ਰੋਵਾਈਡਰ, ਡਿਫੈਂਸ ਸਾਈਬਰ ਏਜੰਸੀ ਅਤੇ ਸਰਟ-ਇਨ (CERT-In) ਵੱਲੋਂ ਡਾਰਕ ਵੈੱਬ ’ਤੇ ਗਾਹਕਾਂ ਦੇ ਡਾਟਾ ਦੀ ਸੰਭਾਵਿਤ ਲੀਕ ਹੋਣ ਬਾਰੇ ਅਲਰਟ ਮਿਲਿਆ ਸੀ। ਬੈਂਕ ਮੁਤਾਬਕ, ਮੁਢਲੇ ਵਿਸ਼ਲੇਸ਼ਣ ਵਿੱਚ ਡਾਰਕ ਵੈੱਬ ’ਤੇ ਮੌਜੂਦ ਲਗਪਗ 3,75,000 ਰਿਕਾਰਡਾਂ ਦੀ ਘੋਖ ਕੀਤੀ ਗਈ, ਜਿਨ੍ਹਾਂ ਵਿੱਚੋਂ 3,897 ਗਾਹਕਾਂ ਦੇ ਅਜਿਹੇ ਰਿਕਾਰਡ ਸਾਹਮਣੇ ਆਏ ਜਿਨ੍ਹਾਂ ਵਿੱਚ ਉਨ੍ਹਾਂ ਦੀ ਨਿੱਜੀ ਪਛਾਣ ਵਾਲੀ ਜਾਣਕਾਰੀ (PII) ਮੌਜੂਦ ਸੀ। ਰਿਪੋਰਟਾਂ ਅਨੁਸਾਰ, ਇਸ ਸੰਭਾਵਿਤ ਲੀਕ ਹੋਈ ਜਾਣਕਾਰੀ ਵਿੱਚ ਗਾਹਕਾਂ ਦੇ ਰਜਿਸਟਰਡ ਮੋਬਾਈਲ ਨੰਬਰ, ਜਨਮ ਤਾਰੀਖ਼, ਨਾਮ, ਲਿੰਗ, ਈਮੇਲ ਪਤੇ ਅਤੇ ਰਹਾਇਸ਼ੀ ਪਤੇ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਬ੍ਰਾਂਚ ਅਤੇ ਕਸਟਮਰ ਇਨਫਰਮੇਸ਼ਨ ਫਾਈਲ (CIF) ਆਈਡੈਂਟੀਫਾਇਰ, ਲੀਡ ਆਈ.ਡੀ., ਅਤੇ ਲੋਨ ਤੇ ਲੀਡ ਰਿਕਾਰਡਾਂ ਨਾਲ ਜੁੜਿਆ ਮੈਟਾਡਾਟਾ ਵੀ ਇਸ ਵਿੱਚ ਸ਼ਾਮਲ ਦੱਸਿਆ ਗਿਆ ਹੈ। ਬੈਂਕ ਦਾ ਕਹਿਣਾ ਹੈ ਕਿ ਡਾਟਾ ਦੀ ਅਸਲੀਅਤ ਅਤੇ ਇਸ ਦੇ ਫੈਲਣ ਦੇ ਦਾਇਰੇ ਦਾ ਪਤਾ ਲਗਾਉਣ ਲਈ ਪੂਰੀ ਪੜਤਾਲ ਕੀਤੀ ਜਾ ਰਹੀ ਹੈ। ਐੱਸਬੀਆਈ ਨੇ ਸਪੱਸ਼ਟ ਕੀਤਾ ਹੈ ਕਿ ਅਲਰਟ ਮਿਲਦਿਆਂ ਹੀ ਬੈਂਕ ਨੇ ਤੁਰੰਤ ਸੁਰੱਖਿਆ ਉਪਰੰਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ। ਇਸ ਮਾਮਲੇ ਦੀ ਨਿਰਪੱਖ ਅਤੇ ਤਕਨੀਕੀ ਜਾਂਚ ਲਈ ਸਰਟ-ਇਨ ਵੱਲੋਂ ਮਨੋਨੀਤ ਕੀਤੀ ਗਈ ਇੱਕ ਸੁਤੰਤਰ ਸਾਇਬਰ ਸੁਰੱਖਿਆ ਏਜੰਸੀ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਬੈਂਕ ਨੇ ਆਪਣੇ ਗਾਹਕਾਂ ਅਤੇ ਨਿਵੇਸ਼ਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਘਟਨਾ ਦਾ ਬੈਂਕ ਦੇ ਮੁੱਖ ਕਾਰੋਬਾਰ, ਵਿੱਤੀ ਸਥਿਤੀ ਜਾਂ ਰੋਜ਼ਾਨਾ ਦੇ ਕੰਮਕਾਜ ਉੱਤੇ ਕੋਈ ਮਾੜਾ ਅਸਰ ਨਹੀਂ ਪਿਆ ਹੈ, ਅਤੇ ਸਾਰੇ ਕੰਮ ਆਮ ਵਾਂਗ ਚੱਲ ਰਹੇ ਹਨ।

Latest News