Daily Suraj

ਪੰਜਾਬੀ

ਕੈਨੇਡਾ ’ਚ ਹਵਾਈ ਅੱਡਿਆਂ ’ਤੇ ਬੈਗ ਟੈਗ ਬਦਲ ਕੇ ਨਸ਼ਾ ਤਸਕਰੀ ਦਾ ਮਾਮਲਾ ਗਰਮਾਇਆ, ਸਟੀਵਨ ਮੈਕਿਨਨ ਨੂੰ ਸੰਸਦੀ ਕਮੇਟੀ ਸਾਹਮਣੇ ਸੱਦਣ ਦੀ ਤਿਆਰੀ

27 Nov, 2026 12:34 PM

ਕੈਨੇਡਾ ਦੇ ਹਵਾਈ ਅੱਡਿਆਂ ’ਤੇ ਯਾਤਰੀਆਂ ਦੇ ਸਾਮਾਨ ਦੇ ਪਛਾਣ ਟੈਗ ਬਦਲ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਮਾਮਲੇ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਗੰਭੀਰ ਮਾਮਲੇ ’ਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਟਰਾਂਸਪੋਰਟ ਮੰਤਰੀ ਸਟੀਵਨ ਮੈਕਿਨਨ ਨੂੰ ਸੰਸਦੀ ਕਮੇਟੀ ਸਾਹਮਣੇ ਪੇਸ਼ ਹੋ ਕੇ ਜਵਾਬ ਦੇਣ ਦੀ ਮੰਗ ਕੀਤੀ ਗਈ ਹੈ, ਜਿਸ ਦਾ ਲਿਬਰਲ ਸੰਸਦ ਮੈਂਬਰਾਂ ਨੇ ਵੀ ਸਮਰਥਨ ਕੀਤਾ ਹੈ। ਕੰਜ਼ਰਵੇਟਿਵ ਸੰਸਦ ਮੈਂਬਰ ਕਰਟ ਹੋਲਮੈਨ ਵੱਲੋਂ ਪੇਸ਼ ਕੀਤੇ ਮਤੇ ਵਿੱਚ ਚਾਰ ਬੈਠਕਾਂ ਦੌਰਾਨ ਇਸ ਮਾਮਲੇ ਦੀ ਜਾਂਚ ਕਰਨ ਅਤੇ ਮੰਤਰੀ ਨੂੰ ਘੱਟੋ-ਘੱਟ ਇੱਕ ਘੰਟੇ ਲਈ ਸਵਾਲਾਂ ਦੇ ਜਵਾਬ ਦੇਣ ਵਾਸਤੇ ਬੁਲਾਉਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਟੋਰਾਂਟੋ ਪੀਅਰਸਨ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਵੀ ਕਮੇਟੀ ਸਾਹਮਣੇ ਪੇਸ਼ ਹੋਣਾ ਪੈ ਸਕਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਕੁਝ ਭ੍ਰਿਸ਼ਟ ਸਾਮਾਨ ਸੰਭਾਲਣ ਵਾਲੇ ਕਰਮਚਾਰੀ ਯਾਤਰੀਆਂ ਦੇ ਸੂਟਕੇਸਾਂ ਤੋਂ ਪਛਾਣ ਟੈਗ ਉਤਾਰ ਕੇ ਨਸ਼ਿਆਂ ਵਾਲੇ ਬੈਗਾਂ ’ਤੇ ਲਗਾ ਦਿੰਦੇ ਹਨ। ਇਸ ਕਾਰਨ ਬੇਕਸੂਰ ਕੈਨੇਡੀਅਨ ਵਿਦੇਸ਼ਾਂ ਵਿੱਚ ਨਸ਼ਾ ਸਮਗਲਿੰਗ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਹੋਏ ਅਤੇ ਜੇਲ੍ਹਾਂ ਵਿੱਚ ਵੀ ਰਹੇ ਹਨ। ਹੁਣ ਤੱਕ ਇਸ ਤਰ੍ਹਾਂ ਦੇ ਦੋ ਦਰਜਨ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਰਿਪੋਰਟਾਂ ਮੁਤਾਬਕ, ਆਰਸੀਐਮਪੀ (RCMP) ਨੇ ਟੋਰਾਂਟੋ ਪੀਅਰਸਨ ਹਵਾਈ ਅੱਡੇ ’ਤੇ 17 ਯਾਤਰੀਆਂ ਨੂੰ ਇਸ ਤਰ੍ਹਾਂ ਦੀ ਸਮਗਲਿੰਗ ਦਾ ਸ਼ਿਕਾਰ ਦੱਸਿਆ ਹੈ। ਹਾਲਾਂਕਿ, ਦੇਸ਼ ਦੇ ਹੋਰ ਹਵਾਈ ਅੱਡਿਆਂ ਨਾਲ ਸਬੰਧਤ ਕੁੱਲ ਅੰਕੜੇ ਜਨਤਕ ਨਹੀਂ ਕੀਤੇ ਗਏ ਹਨ। ਕੰਜ਼ਰਵੇਟਿਵ ਆਗੂ ਪੀਏਰ ਪੌਲੀਏਵ ਨੇ ਹਵਾਈ ਅੱਡਿਆਂ ਦੀ ਸੁਰੱਖਿਆ ਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਸਰਕਾਰ ਨੂੰ ਜਵਾਬਦੇਹ ਬਣਾਉਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਟਰਾਂਸਪੋਰਟ ਮੰਤਰੀ ਅਤੇ ਸਰਕਾਰ ਦੇ ਹਾਊਸ ਲੀਡਰ ਸਟੀਵਨ ਮੈਕਿਨਨ ਇਸ ਸਮੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਦੇ ਬਿੱਲ ਸੀ-39 (ਬਿਲਡਿੰਗ ਕੈਨੇਡਾ ਸਟਰੌਂਗ ਐਕਟ) ਨੂੰ ਲੈ ਕੇ ਵੀ ਸੰਸਦੀ ਕਵਾਇਦ ਵਿੱਚ ਰੁੱਝੇ ਹੋਏ ਹਨ। ਸਟੀਵਨ ਮੈਕਿਨਨ ਨੇ ਭਰੋਸਾ ਜਤਾਇਆ ਹੈ ਕਿ ਲਿਬਰਲ ਪਾਰਟੀ ਦੇ ਸਾਰੇ ਸੰਸਦ ਮੈਂਬਰ ਬਿੱਲ ਸੀ-39 ਦੇ ਹੱਕ ਵਿੱਚ ਵੋਟ ਪਾਉਣਗੇ ਅਤੇ ਪਾਰਟੀ ਨੂੰ ਵ੍ਹਿਪ ਜਾਰੀ ਕਰਨ ਦੀ ਲੋੜ ਨਹੀਂ ਪਵੇਗੀ। ਇਹ ਬਿੱਲ ਵੱਡੇ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਤੇਜ਼ ਕਰਨ ਅਤੇ ਫੈਡਰਲ ਕਿਰਤ ਕਾਨੂੰਨਾਂ ਵਿੱਚ ਤਬਦੀਲੀਆਂ ਕਰਨ ਨਾਲ ਸਬੰਧਤ ਹੈ।

Latest News