Daily Suraj

ਪੰਜਾਬੀ

ਪ੍ਰਭ ਆਸਰਾ ਦੇ ਬੱਚਿਆਂ (ਅਲੱਗ ਤੋਂ ਖ਼ਾਸ) ਨੇ ਜਿੱਤੇ 27 ਤਗ਼ਮੇ

17 Dec, 2024 05:30 AM

ਕੁਰਾਲੀ/ਮਾਜਰੀ : ਸ਼ਪੈਸ਼ਲ ਓਲੰਪਿਕ ਭਾਰਤ (ਪੰਜਾਬ) ਵੱਲੋਂ ਅਲੱਗ ਤੋਂ ਖ਼ਾਸ ਬੱਚਿਆਂ ਦੀਆਂ ਉੱਤਰੀ ਭਾਰਤ ਜ਼ੋਨ ਪੱਧਰੀ ਖੇਡਾਂ ਲੁਧਿਆਣਾ ਵਿਖੇ ਕਰਵਾਈਆਂ ਗਈਆਂ। ਜਿੱਥੇ ਦੌੜਾਂ, ਤੇਜ਼ ਚਾਲ, ਗੋਲ਼ਾ ਸੁੱਟਣਾ, ਨੇਜੇਬਾਜੀ, ਲੰਮੀ ਛਾਲ, ਸਾਈਕਲਿੰਗ, ਰੋਲਰ-ਸਕੇਟਿੰਗ ਆਦਿ ਦੇ ਫ਼ਸਵੇਂ ਮੁਕਾਬਲਿਆਂ ’ਚ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਤੋਂ ਆਏ ਮੁਕਾਬਲੇਬਾਜ਼ਾਂ ਨੇ ਖੂਬ ਜੋਹਰ ਵਿਖਾਏ। ਇਸੇ ਦੌਰਾਨ ਪ੍ਰਭ ਆਸਰਾ ਸੰਸਥਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਦੀ ਅਗਵਾਈ ’ਚ ਸੰਸਥਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 06 ਸੋਨੇ, 16 ਚਾਂਦੀ ਤੇ 05 ਕਾਂਸੇ ਦੇ ਤਗ਼ਮਿਆਂ ਸਮੇਤ ਕੁੱਲ 27 ਤਗ਼ਮੇ ਜਿੱਤ ਕੇ ਸੰਸਥਾ ਦਾ ਨਾਮ ਚਮਕਾਇਆ ਹੈ। ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਜੇਤੂਆਂ ਨੂੰ ਉਚੇਚੇ ਤੌਰ ਤੇ ਵਿਸ਼ੇਸ਼ ਤੋਹਫਿਆਂ ਨਾਲ ਨਿਵਾਜਦਿਆਂ ਸ਼ੁਭਕਾਮਨਾਵਾਂ ਤੇ ਮੁਬਾਰਕਾਂ ਦਿੱਤੀਆਂ ਗਈਆਂ। ਟੀਮ ਦੇ ਵਾਪਸ ਪ੍ਰਭ ਆਸਰਾ ਸੰਸਥਾ ਵਿਖੇ ਪਹੁੰਚਣ ਤੇ ਸੰਸਥਾ ਸੰਚਾਲਕਾਂ ਵੱਲੋਂ ਸਭਨਾਂ ਦਾ ਮੂੰਹ ਮਿੱਠਾ ਕਰਵਾ ਕੇ ਨਿੱਘਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪ੍ਰਭ ਆਸਰਾ ਸੰਸਥਾ ਵੱਲੋਂ ਆਪਣੇ ਖਿਡਾਰੀਆਂ ਲਈ ਉਚੇਚੇ ਤੌਰ ਤੇ ਕੋਚਾਂ, ਸਾਜੋ-ਸਾਮਾਨ ਅਤੇ ਵਿਸ਼ੇਸ਼ ਖੁਰਾਕ ਦੇ ਪ੍ਰਬੰਧ ਕੀਤੇ ਹੋਏ ਹਨ। ਇਸ ਤੋਂ ਇਲਾਵਾ ਮੁੱਖ ਪ੍ਰਬੰਧਕਾਂ ਵੱਲੋਂ ਸਮੇਂ-ਸਮੇਂ ਤੇ ਖੁਦ ਇਨ੍ਹਾਂ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਵਿਸ਼ੇਸ਼ ਮਿਲਣੀਆਂ ਕੀਤੀਆਂ ਜਾਂਦੀਆਂ ਹਨ।

Posted By: Daily Suraj Bureau

Latest News