ਬਦਬੂ ਕਾਰਨ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ, ਬਾਇਓ ਐਨਰਜੀ ਪਲਾਂਟ ਦੇ ਬਾਹਰ ਇਕੱਠੇ ਹੋਏ ਪਿੰਡ ਵਾਸੀ
ਜ਼ਿਲ੍ਹਾ ਜੀਂਦ ਦੇ ਪਿੰਡ ਦਨੌਦਾ ਵਿੱਚ ਚੱਲ ਰਹੇ ਇੱਕ ਕੰਪਨੀ ਦੇ ਬਾਇਓ ਐਨਰਜੀ ਪਲਾਂਟ ਖ਼ਿਲਾਫ਼ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕੀਤਾ। ਲੋਕਾਂ ਦਾ ਦੋਸ਼ ਹੈ ਕਿ ਪਲਾਂਟ ਤੋਂ ਲਗਾਤਾਰ ਤੀਖੀ ਬਦਬੂ ਆ ਰਹੀ ਹੈ, ਜਿਸ ਕਾਰਨ ਇਲਾਕੇ ਦੇ ਵਸਨੀਕਾਂ ਲਈ ਰਹਿਣਾ ਮੁਸ਼ਕਲ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਲਾਂਟ ਤੋਂ ਫੈਲ ਰਹੀ ਬਦਬੂ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਗਿਆ ਹੈ ਅਤੇ ਇਸ ਦਾ ਲੋਕਾਂ ਦੀ ਸਿਹਤ ਉੱਤੇ ਵੀ ਨਕਾਰਾਤਮਕ ਅਸਰ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਲਾਂਟ ਵਿੱਚ ਬਾਇਓ ਗੈਸ ਤਿਆਰ ਕਰਨ ਲਈ ਸਿਰਫ਼ ਗੋਬਰ ਅਤੇ ਪਰਾਲੀ ਦੀ ਵਰਤੋਂ ਕੀਤੀ ਜਾਣੀ ਸੀ, ਪਰ ਪਲਾਂਟ ਦੇ ਅਧਿਕਾਰੀਆਂ ਵੱਲੋਂ ਗੰਨੇ ਦੀ ਮੈਲ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਕਾਰਨ ਪੂਰੇ ਇਲਾਕੇ ਦਾ ਮਾਹੌਲ ਬਦਬੂਦਾਰ ਅਤੇ ਪ੍ਰਦੂਸ਼ਿਤ ਹੋ ਗਿਆ ਹੈ। ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੰਪਨੀ ਵੱਲੋਂ ਇਸ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਪਿੰਡ ਦੀ ਪੰਚਾਇਤ ਬੁਲਾ ਕੇ ਅਗਲੇ ਕਦਮ ਬਾਰੇ ਫ਼ੈਸਲਾ ਕੀਤਾ ਜਾਵੇਗਾ। ਇਸ ਦੌਰਾਨ ਪਲਾਂਟ ਦੇ ਮੁੱਖ ਗੇਟ ਅੱਗੇ ਲੋਕਾਂ ਦੇ ਇਕੱਠੇ ਹੋਣ ਦੀ ਸੂਚਨਾ ਮਿਲਣ ’ਤੇ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਹਾਲਾਤਾਂ ’ਤੇ ਨਿਗਰਾਨੀ ਕੀਤੀ। ਇਸ ਸਬੰਧੀ ਕੰਪਨੀ ਦੇ ਪ੍ਰਬੰਧਕ ਰੇਸ਼ਮ ਸਿੰਘ ਨੇ ਦੱਸਿਆ ਕਿ ਇਹ ਪਲਾਂਟ ਕਰੀਬ 10 ਦਿਨ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਹੈ। ਪਲਾਂਟ ਨੂੰ ਚਲਾਉਣ ਲਈ ਗੋਬਰ ਦੀ ਲੋੜ ਹੁੰਦੀ ਹੈ, ਪਰ ਗੋਬਰ ਦੀ ਸਪਲਾਈ ਨਾ ਮਿਲਣ ਕਾਰਨ ਅਸਥਾਈ ਤੌਰ ’ਤੇ ਗੰਨੇ ਦੀ ਮੈਲ ਦੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ। ਉਨ੍ਹਾਂ ਕਿਹਾ ਕਿ ਕਰੀਬ 20 ਦਿਨ ਪਲਾਂਟ ਚੱਲਣ ਤੋਂ ਬਾਅਦ ਇਹ ਕੇਵਲ ਪਰਾਲੀ ’ਤੇ ਹੀ ਚਲਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਬਦਬੂ ਦੀ ਸਮੱਸਿਆ ਖ਼ਤਮ ਹੋ ਜਾਵੇਗੀ।
Posted By: Daily Suraj Bureau