Daily Suraj

ਪੰਜਾਬੀ

ਅੰਮ੍ਰਿਤਸਰ ਫਿਰੌਤੀ ਮਾਮਲੇ 'ਚ ਅਨੋਖਾ ਮੋੜ: 50 ਲੱਖ ਦੀ ਰੰਗਦਾਰੀ ਮੰਗਣ ਵਾਲੀ ਸਾਬਕਾ ਮਹਿਲਾ ਕਰਮਚਾਰੀ ਗ੍ਰਿਫ਼ਤਾਰ, ਡਾਕਟਰ ਨੇ ਦਿਲਦਾਰੀ ਦਿਖਾ ਕੇ ਕੀਤਾ ਮੁਆਫ਼

10 Nov, 2026 09:02 AM

ਧਮਕੀਆਂ ਅਤੇ ਜਬਰਨ ਵਸੂਲੀ ਦੇ ਇੱਕ ਮਾਮਲੇ ਵਿੱਚ ਅੰਮ੍ਰਿਤਸਰ ਤੋਂ ਇੱਕ ਅਨੋਖੀ ਅਤੇ ਪ੍ਰੇਰਨਾਦਾਇਕ ਖ਼ਬਰ ਸਾਹਮਣੇ ਆਈ ਹੈ। ਕੰਮ ਵਾਲੀ ਥਾਂ ’ਤੇ ਹੋਈ ਇੱਕ ਆਮ ਬਹਿਸ ਨੇ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਸ਼ਹਿਰ ਦੇ ਇੱਕ ਜਾਣੇ-ਪਛਾਣੇ ਡਾਕਟਰ ਦੀ ਸਾਬਕਾ ਮਹਿਲਾ ਕਰਮਚਾਰੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ 50 ਲੱਖ ਰੁਪਏ ਦੀ ਫਿਰੌਤੀ ਮੰਗਦਿਆਂ ਧਮਕਾਉਣਾ ਸ਼ੁਰੂ ਕਰ ਦਿੱਤਾ। ਜੋ ਮਾਮਲਾ ਸ਼ੁਰੂਆਤ ਵਿੱਚ ਇੱਕ ਨਿੱਜੀ ਅਣਬਣ ਜਾਪਦਾ ਸੀ, ਉਹ ਜਲਦੀ ਹੀ ਇੱਕ ਅਪਰਾਧਿਕ ਸਾਜ਼ਿਸ਼ ਵਿੱਚ ਬਦਲ ਗਿਆ, ਜਿਸ ਵਿੱਚ ਵਿਦੇਸ਼ੀ ਫ਼ੋਨ ਨੰਬਰ ਰਾਹੀਂ ਧਮਕੀ ਦੇ ਕੇ ਭਾਰੀ ਰਕਮ ਦੀ ਮੰਗ ਕੀਤੀ ਗਈ ਸੀ। ਇਹ ਘਟਨਾ ਉਸ ਸਮੇਂ ਚਰਚਾ ਵਿੱਚ ਆਈ ਜਦੋਂ ਪੀੜਤ ਡਾਕਟਰ ਨੇ ਧਮਕੀ ਭਰੀ ਕਾਲ ਦੀ ਸ਼ਿਕਾਇਤ ਲੈ ਕੇ ਪੁਲੀਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਕੋਲ ਪਹੁੰਚ ਕੀਤੀ। ਪੁਲੀਸ ਕਮਿਸ਼ਨਰ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਜਾਂਚ ਦਾ ਜ਼ਿੰਮਾ ਵਧੀਕ ਡਿਪਟੀ ਕਮਿਸ਼ਨਰ ਪੁਲੀਸ (ADCP) ਜਯੰਤ ਪੁਰੀ ਨੂੰ ਸੌਂਪਿਆ। ਵਿਦੇਸ਼ੀ ਨੰਬਰ ਰਾਹੀਂ ਕੀਤੀ ਗਈ ਸੀ ਧਮਕੀ ਭਰੀ ਕਾਲ ਏਡੀਸੀਪੀ ਜਯੰਤ ਪੁਰੀ ਦੀ ਅਗਵਾਈ ਹੇਠ ਜਾਂਚ ਕਰਦਿਆਂ ਪੁਲੀਸ ਨੇ ਪੂਰੇ ਘਟਨਾਕ੍ਰਮ ਦੀ ਲੜੀ ਜੋੜੀ। ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਡਾਕਟਰ ਦੀ ਲਗਪਗ 20 ਸਾਲਾ ਸਾਬਕਾ ਮਹਿਲਾ ਕਰਮਚਾਰੀ ਨੇ ਹੀ ਆਪਣੇ ਦੋਸਤਾਂ ਦੀ ਮਦਦ ਨਾਲ ਇਹ ਸਾਜ਼ਿਸ਼ ਰਚੀ ਸੀ। ਡਾਕਟਰ ਤੋਂ 50 ਲੱਖ ਰੁਪਏ ਮੰਗਣ ਲਈ ਇਹ ਧਮਕੀ ਭਰੀ ਕਾਲ ਇੱਕ ਵਿਦੇਸ਼ੀ ਫ਼ੋਨ ਨੰਬਰ ਰਾਹੀਂ ਕਰਵਾਈ ਗਈ ਸੀ। ਪੁਲੀਸ ਨੇ ਤਕਨੀਕੀ ਜਾਂਚ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ 'ਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਡਾਕਟਰ ਨੇ ਦਿਖਾਈ ਦਿਲਦਾਰੀ, ਕੀਤੀ ਮੁਆਫ਼ੀ ਗ੍ਰਿਫ਼ਤਾਰੀ ਅਤੇ ਪੁਲੀਸ ਵੱਲੋਂ ਕੀਤੀ ਗਈ ਕੌਂਸਲਿੰਗ ਦੌਰਾਨ ਮੁਲਜ਼ਮਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਡਾਕਟਰ ਤੋਂ ਭੁੱਲ ਦੀ ਮੁਆਫ਼ੀ ਮੰਗੀ। ਇਸ ਦੇ ਨਾਲ ਹੀ ਵਿਦੇਸ਼ ਤੋਂ ਕਾਲ ਕਰਨ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਵੀ ਡਾਕਟਰ ਅਤੇ ਪੁਲੀਸ ਪ੍ਰਸ਼ਾਸਨ ਤੱਕ ਪਹੁੰਚ ਕਰ ਕੇ ਆਪਣੇ ਬੱਚੇ ਦੀ ਹਰਕਤ 'ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਡਾਕਟਰ ਨੇ ਆਪਣੀ ਸਾਬਕਾ ਮਹਿਲਾ ਕਰਮਚਾਰੀ ਅਤੇ ਉਸ ਦੇ ਸਾਥੀਆਂ ਦੀ ਘੱਟ ਉਮਰ ਅਤੇ ਉਨ੍ਹਾਂ ਦੇ ਸੁਧਾਰ ਦੀ ਸੰਭਾਵਨਾ ਨੂੰ ਦੇਖਦਿਆਂ ਵੱਡਾ ਦਿਲ ਦਿਖਾਇਆ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਮਲਾ ਅੱਗੇ ਨਾ ਵਧਾਉਣ ਦਾ ਫ਼ੈਸਲਾ ਕੀਤਾ। ਪੁਲੀਸ ਦੀ ਨੌਜਵਾਨਾਂ ਨੂੰ ਅਪੀਲ ਅਤੇ ਸੁਧਾਰ ਦੀ ਪਹਿਲ ਇਸ ਘਟਨਾ ਤੋਂ ਬਾਅਦ ਅੰਮ੍ਰਿਤਸਰ ਪੁਲੀਸ ਨੇ ਨੌਜਵਾਨਾਂ ਨੂੰ ਅਪਰਾਧਿਕ ਗਤੀਵਿਧੀਆਂ, ਖ਼ਾਸ ਕਰ ਕੇ ਧਮਕੀਆਂ, ਜਬਰਨ ਵਸੂਲੀ ਅਤੇ ਹੋਰ ਗੈਰ-ਕਾਨੂੰਨੀ ਕੰਮਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ, ਜੋ ਉਨ੍ਹਾਂ ਦੇ ਸੁਨਹਿਰੀ ਭਵਿੱਖ ਨੂੰ ਤਬਾਹ ਕਰ ਸਕਦੇ ਹਨ। ਏਡੀਸੀਪੀ ਜਯੰਤ ਪੁਰੀ ਨੇ ਦੱਸਿਆ ਕਿ ਉੱਚ ਪੁਲੀਸ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਅਪਰਾਧ ਦਾ ਰਾਹ ਛੱਡ ਕੇ ਮੁੱਖ ਧਾਰਾ ਵਿੱਚ ਪਰਤਣ ਦੇ ਚਾਹਵਾਨ ਨੌਜਵਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਭਟਕੇ ਹੋਏ ਨੌਜਵਾਨਾਂ ਦੀ ਪੁਲੀਸ ਵੱਲੋਂ ਪ੍ਰੋਫੈਸ਼ਨਲ ਕੌਂਸਲਿੰਗ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਮਾਰਗਦਰਸ਼ਨ ਦਿੱਤਾ ਜਾਵੇਗਾ। ਪੁਲੀਸ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੌਜਵਾਨਾਂ ਤੋਂ ਅਣਜਾਣੇ 'ਚ ਗਲਤੀਆਂ ਹੋਈਆਂ ਹਨ, ਉਹ ਹੋਰ ਅਪਰਾਧਾਂ 'ਚ ਉਲਝਣ ਦੀ ਬਜਾਏ ਸੁਧਾਰ ਲਈ ਪੁਲੀਸ ਨਾਲ ਸੰਪਰਕ ਕਰਨ।

Latest News