ਅਲ ਨੀਨੋ ਕਾਰਨ 2027 ਤੱਕ ਵਧੇਗੀ ਗਰਮੀ: WMO ਦੀ ਚੇਤਾਵਨੀ
ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਨੇ ਚੇਤਾਵਨੀ ਦਿੱਤੀ ਹੈ ਕਿ ਭੂ-ਮੱਧ ਰੇਖਾ ਪ੍ਰਸ਼ਾਂਤ ਮਹਾਸਾਗਰ ਉੱਤੇ ਬਣੇ ਅਲ ਨੀਨੋ ਦੇ ਹਾਲਾਤ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਤਾਕਤਵਰ ਹੋਣਗੇ ਅਤੇ ਫ਼ਰਵਰੀ 2027 ਤੱਕ ਬਰਕਰਾਰ ਰਹਿਣ ਦੀ ਸੰਭਾਵਨਾ ਹੈ। ਇਸ ਕਾਰਨ ਦੁਨੀਆ ਭਰ ਵਿੱਚ ਮੀਂਹ ਅਤੇ ਤਾਪਮਾਨ ਦੇ ਪੈਟਰਨ ’ਤੇ ਡੂੰਘਾ ਅਸਰ ਪੈ ਸਕਦਾ ਹੈ, ਜਿਸ ਨਾਲ ਹੜ੍ਹ, ਸੋਕੇ ਅਤੇ ਭਿਆਨਕ ਗਰਮੀ ਦੇ ਖ਼ਤਰੇ ਵਧਣਗੇ। WMO ਦੇ ਸਕੱਤਰ-ਜਨਰਲ ਸੇਲੇਸ ਸਾਉਲੋ ਨੇ ਕਿਹਾ ਕਿ “ਅਲ ਨੀਨੋ” ਭਾਵੇਂ ਸਪੇਨੀ ਭਾਸ਼ਾ ਵਿੱਚ ‘ਬੱਚਾ’ ਹੈ, ਪਰ ਇਸ ਵਿੱਚ ਦੁਨੀਆ ਭਰ ਦੇ ਭਾਈਚਾਰਿਆਂ ਅਤੇ ਅਰਥਚਾਰਿਆਂ ਨੂੰ ਭਾਰੀ ਝਟਕਾ ਦੇਣ ਦੀ ਸਮਰੱਥਾ ਹੈ। ਉਹਨਾਂ ਨੇ ਦੱਸਿਆ ਕਿ ਅਸੀਂ ਪਹਿਲਾਂ ਹੀ ਸੋਕੇ ਅਤੇ ਹੜ੍ਹਾਂ ਕਾਰਨ ਤਬਾਹੀ ਦੇਖ ਰਹੇ ਹਾਂ ਅਤੇ ਜਿਵੇਂ-ਜਿਵੇਂ ਅਲ ਨੀਨੋ ਹੋਰ ਤਾਕਤਵਰ ਹੋਵੇਗਾ, ਇਹ ਪ੍ਰਭਾਵ ਹੋਰ ਵਧਣਗੇ। ਇਹ ਅੰਦਾਜ਼ੇ ਭਾਰਤੀ ਮੌਸਮ ਵਿਭਾਗ (IMD) ਵੱਲੋਂ ਜਾਰੀ ਕੀਤੀ ਭਵਿੱਖਬਾਣੀ ਤੋਂ ਕੁਝ ਦਿਨ ਬਾਅਦ ਆਏ ਹਨ, ਜਿਸ ਵਿੱਚ ਕਿਹਾ ਗਿਆ ਸੀ ਕਿ ਅਲ ਨੀਨੋ ਦੇ ਹਾਲਾਤ ਅਗਲੇ ਸਾਲ ਫ਼ਰਵਰੀ ਤੱਕ ਜਾਰੀ ਰਹਿ ਸਕਦੇ ਹਨ। IMD ਮੁਤਾਬਕ, ਅਗਸਤ ਮਹੀਨੇ ਦੌਰਾਨ ਭਾਰਤ ਵਿੱਚ ਮੀਂਹ ਦੀ ਘਾਟ 16 ਫ਼ੀਸਦੀ ਰਹੀ ਅਤੇ ਇਹ ਮਹੀਨਾ 1901 ਤੋਂ ਬਾਅਦ ਸਭ ਤੋਂ ਵੱਧ ਗਰਮ ਅਗਸਤ ਦਰਜ ਕੀਤਾ ਗਿਆ। ਸਤੰਬਰ ਲਈ IMD ਨੇ ਅਨੁਮਾਨ ਲਗਾਇਆ ਹੈ ਕਿ ਮੀਂਹ ਲੰਬੇ ਸਮੇਂ ਦੀ ਔਸਤ (LPA) ਦੇ 91 ਫ਼ੀਸਦੀ ਤੋਂ ਘੱਟ ਰਹੇਗਾ। LPA 1971 ਤੋਂ 2020 ਦੇ ਅੰਕੜਿਆਂ ਦੇ ਆਧਾਰ ’ਤੇ ਲਗਭਗ 167.9 ਮਿਲੀਮੀਟਰ ਹੈ। ਇਸ ਨਾਲ ਭਾਰਤ ਵਿੱਚ ਮੌਨਸੂਨ ਘਾਟੇ ਅਤੇ ਵਧ ਰਹੀ ਗਰਮੀ ਦਾ ਖ਼ਤਰਾ ਹੋਰ ਗੰਭੀਰ ਹੋ ਸਕਦਾ ਹੈ। ਦਿੱਲੀ ਸਥਿਤ ਜਲਵਾਯੂ ਥਿੰਕ ਟੈਂਕ ‘ਕਲਾਈਮੇਟ ਟਰੈਂਡਜ਼’ ਦੇ ਇੱਕ ਅਧਿਐਨ ਵਿੱਚ ਦਰਸਾਇਆ ਗਿਆ ਹੈ ਕਿ ਉੱਤਰੀ ਭਾਰਤ ਵਿੱਚ ਸਰਦੀਆਂ ਛੋਟੀਆਂ ਹੋ ਰਹੀਆਂ ਹਨ ਅਤੇ ਫ਼ਰਵਰੀ-ਮਾਰਚ ਦੌਰਾਨ ਤਾਪਮਾਨ ਵਧਣਾ ਆਮ ਹੋ ਗਿਆ ਹੈ। ਅਧਿਐਨ ਮੁਤਾਬਕ, ਫ਼ਰਵਰੀ ਮਹੀਨੇ ਵਿੱਚ ਪ੍ਰਤੀ ਦਹਾਕਾ 0.69 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਮਾਰਚ ਅਤੇ ਅਪਰੈਲ ਵਿੱਚ ਵੀ ਮਹੱਤਵਪੂਰਨ ਵਾਧਾ ਸਾਹਮਣੇ ਆਇਆ ਹੈ। ਇਸ ਤਬਦੀਲੀ ਨਾਲ ਕਣਕ ਵਰਗੀਆਂ ਹਾੜ੍ਹੀ ਫ਼ਸਲਾਂ ’ਤੇ ਟਰਮੀਨਲ ਹੀਟ ਸਟ੍ਰੈੱਸ ਦਾ ਖ਼ਤਰਾ ਵਧ ਰਿਹਾ ਹੈ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਤਾਪਮਾਨ ਵਿੱਚ ਇਹ ਵਾਧਾ ਕਣਕ ਦੇ ਦਾਣੇ ਬਣਨ ਅਤੇ ਪੱਕਣ ਦੇ ਪੜਾਵਾਂ ਨਾਲ ਮੇਲ ਖਾਂਦਾ ਹੈ ਅਤੇ ਉਤਪਾਦਨ ਨੂੰ ਪਹਿਲਾਂ ਹੀ ਪ੍ਰਭਾਵਿਤ ਕਰ ਰਿਹਾ ਹੈ।
Posted By: Daily Suraj Bureau