ਮੰਡਾਲਾ ਪਿੰਡ ਦੇ ਬੱਚਿਆਂ ਦੀਆਂ ਅੱਖਾਂ ਭਰ ਆਈਆਂ: ਮਾਸਟਰ ਸੋਹਣ ਲਾਲ ਦੀ ਬਦਲੀ
“ਰਵਾਨਾ ਹੋਣ ਤੋਂ ਪਹਿਲਾਂ ਤੁਹਾਡੇ ਸਭ ਨੂੰ ਇੱਕ ਵਾਰ ਮਿਲਣ ਦੀ ਦਿਲੀ ਇੱਛਾ ਹੈ,” ਸਰਕਾਰੀ ਪ੍ਰਾਇਮਰੀ ਸਕੂਲ ਮੰਡਾਲਾ ਦੇ ਅਧਿਆਪਕ ਸੋਹਣ ਲਾਲ ਦਾ ਇਹ ਸੁਨੇਹਾ ਪਿੰਡ ਵਾਸੀਆਂ ਲਈ ਸਿਰਫ਼ ਵਿਦਾਈ ਨਹੀਂ, ਸਗੋਂ ਵਿਛੋੜੇ ਦਾ ਭਾਵੁਕ ਪਲ ਬਣ ਗਿਆ। ਬੱਚਿਆਂ, ਮਾਪਿਆਂ ਅਤੇ ਪਿੰਡ ਵਾਸੀਆਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਮਾਸੂਮ ਬੱਚੇ ਉਨ੍ਹਾਂ ਨੂੰ ਨਾ ਜਾਣ ਦੀਆਂ ਅਰਜ਼ੋਈਆਂ ਕਰਦੇ ਰਹੇ, ਜਦਕਿ ਮਾਪੇ ਵੀ ਆਪਣੇ ਜਜ਼ਬਾਤਾਂ ’ਤੇ ਕਾਬੂ ਨਹੀਂ ਕਰ ਸਕੇ। ਸੋਹਣ ਲਾਲ ਨੇ 2022 ਵਿੱਚ ਚੰਡੀਗੜ੍ਹ ਤੋਂ ਆਪਣੀ ਪਤਨੀ ਅਤੇ ਬੱਚੇ ਸਮੇਤ ਮੰਡਾਲਾ ਪਿੰਡ ਦੇ ਸਕੂਲ ਵਿੱਚ ਤਾਇਨਾਤੀ ਸੰਭਾਲੀ ਸੀ। ਸ਼ੁਰੂਆਤੀ ਦਿਨਾਂ ਵਿੱਚ ਪਿੰਡ ਦੇ ਮਾਹੌਲ ਨਾਲ ਢਲਣਾ ਔਖਾ ਸੀ, ਪਰ ਹੌਲੀ-ਹੌਲੀ ਮੰਡਾਲਾ ਉਨ੍ਹਾਂ ਲਈ ਸਿਰਫ਼ ਡਿਊਟੀ ਦੀ ਜਗ੍ਹਾ ਨਹੀਂ, ਸਗੋਂ ਆਪਣਾ ਘਰ ਬਣ ਗਿਆ। ਚਾਰ ਸਾਲਾਂ ਤੋਂ ਵੱਧ ਸਮੇਂ ਦੌਰਾਨ ਉਨ੍ਹਾਂ ਨੇ ਬੱਚਿਆਂ ਨਾਲ ਗੂੜ੍ਹਾ ਸਨੇਹ ਬਣਾਇਆ, ਪਿੰਡ ਵਾਸੀਆਂ ਦਾ ਭਰੋਸਾ ਜਿੱਤਿਆ ਅਤੇ ਸਕੂਲ ਦੀ ਨੁਹਾਰ ਬਦਲ ਦਿੱਤੀ। ਸਕੂਲ ਵਿੱਚ ਹਰਿਆਵਲ ਵਧਾਉਣ ਤੋਂ ਲੈ ਕੇ ਸੁੰਦਰਤਾ ਤੱਕ, ਸੋਹਣ ਲਾਲ ਨੇ ਅਜਿਹਾ ਮਾਹੌਲ ਬਣਾਇਆ ਜਿੱਥੇ ਬੱਚੇ ਮਾਣ ਨਾਲ ਪੜ੍ਹਨ ਆਉਂਦੇ ਸਨ। ਉਨ੍ਹਾਂ ਦਾ ਪੜ੍ਹਾਉਣ ਦਾ ਤਰੀਕਾ ਵੀ ਵਿਲੱਖਣ ਸੀ। ਗਰਮੀਆਂ ਦੀਆਂ ਛੁੱਟੀਆਂ ਦਾ ਕੰਮ ਵਧੀਆ ਕਰਨ ਵਾਲੇ ਬੱਚਿਆਂ ਨੂੰ ਉਹ ਸਟੀਲ ਦੀਆਂ ਪਲੇਟਾਂ ਇਨਾਮ ਵਜੋਂ ਦਿੰਦੇ ਸਨ, ਜਿਨ੍ਹਾਂ ’ਤੇ ਬੱਚਿਆਂ ਅਤੇ ਸਕੂਲ ਦਾ ਨਾਮ ਉਕਰਿਆ ਹੁੰਦਾ ਸੀ। ਇਸ ਨਾਲ ਬੱਚਿਆਂ ਨੂੰ ਆਪਣੀ ਮਿਹਨਤ ਦੀ ਕਦਰ ਹੋਣ ਦਾ ਅਹਿਸਾਸ ਹੁੰਦਾ ਸੀ। ਸੋਹਣ ਲਾਲ ਦਾ ਪਿੰਡ ਨਾਲ ਰਿਸ਼ਤਾ ਸਿਰਫ਼ ਸਕੂਲ ਤੱਕ ਸੀਮਤ ਨਹੀਂ ਸੀ। 2023 ਅਤੇ 2025 ਦੇ ਹੜ੍ਹਾਂ ਦੌਰਾਨ ਉਹ ਪਿੰਡ ਵਾਸੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ ਅਤੇ ਨਾਜ਼ੁਕ ਥਾਵਾਂ ’ਤੇ ਰੇਤ ਦੇ ਬੋਰੇ ਪਹੁੰਚਾਉਣ ਵਿੱਚ ਮਦਦ ਕੀਤੀ। ਉਨ੍ਹਾਂ ਦੀ ਬਦਲੀ ਹੁਣ ਫ਼ਤਿਹਗੜ੍ਹ ਸਾਹਿਬ ਹੋ ਗਈ ਹੈ। ਇੱਕ ਵਿਦਿਆਰਥੀ ਸ਼ੁਭਮ ਦੀ ਮਾਂ ਜਸਵਿੰਦਰ ਕੌਰ ਨੇ ਰੋਂਦਿਆਂ ਕਿਹਾ, “ਸਰ, ਤੁਹਾਨੂੰ ਨਹੀਂ ਜਾਣਾ ਚਾਹੀਦਾ ਸੀ, ਮੇਰਾ ਪੁੱਤ ਤੁਹਾਡੇ ਨਾਲ ਬਹੁਤ ਖ਼ੁਸ਼ ਰਹਿੰਦਾ ਸੀ।” ਇੱਕ ਹੋਰ ਪਿਤਾ ਰਵੀ ਮਸੀਹ ਨੇ ਕਿਹਾ, “ਸਾਨੂੰ ਉਨ੍ਹਾਂ ਵਰਗਾ ਅਧਿਆਪਕ ਫਿਰ ਕਦੇ ਨਹੀਂ ਮਿਲੇਗਾ।” ਸੋਹਣ ਲਾਲ ਨੇ ਭਾਵੁਕ ਹੋ ਕੇ ਕਿਹਾ, “ਮੈਂ ਹੁਣ ਆਪਣੇ ਮਾਤਾ-ਪਿਤਾ ਦੇ ਕੋਲ ਫ਼ਤਿਹਗੜ੍ਹ ਸਾਹਿਬ ਆ ਗਿਆ ਹਾਂ, ਇਸ ਉਮਰ ਵਿੱਚ ਉਨ੍ਹਾਂ ਨੂੰ ਮੇਰੀ ਲੋੜ ਹੈ। ਪਰ ਮੰਡਾਲਾ ਦੇ ਬੱਚੇ ਹਮੇਸ਼ਾ ਮੇਰੇ ਦਿਲ ਵਿੱਚ ਰਹਿਣਗੇ।”
Posted By: Daily Suraj Bureau