ਪੰਜਾਬ ਭਵਨ ਸਰੀ-ਕੈਨੇਡਾ ਦੁਆਰਾ ਕਰਵਾਏ ਬਾਲ ਕਵੀ ਦਰਬਾਰ' 'ਚ 24 ਬੱਚਿਆਂ ਨੇ ਆਪਣੀ ਕਲਮ ਦਾ ਲੋਹਾ ਮਨਵਾਇਆ
*ਸੜਕ ਸੁਰੱਖਿਆ 'ਤੇ ਕਿਤਾਬ ਛਪਵਾਉਣ ਦਾ ਲਿਆ ਫੈਸਲਾ-ਨਵੀਂ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨ ਦੀ ਅਹਿਮ ਕੋਸ਼ਿਸ਼
ਫਗਵਾੜਾ ਪੰਜਾਬ ਭਵਨ ਸਰੀ (ਕੈਨੇਡਾ) ਦੇ 'ਨਵੀਆਂ ਕਲਮਾਂ ਨਵੀਂ ਉਡਾਣ' ਪ੍ਰੋਜੈਕਟ ਤਹਿਤ ਨਵੇਂ ਵਰ੍ਹੇ 2026 ਦੇ ਸਵਾਗਤ ਵਿੱਚ ਇੱਕ ਸ਼ਾਨਦਾਰ ਬਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਤਕਰੀਬਨ 24 ਬੱਚਿਆਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਸਮਾਜਿਕ ਤੇ ਸੱਭਿਆਚਾਰਕ ਵਿਸ਼ਿਆਂ 'ਤੇ ਆਪਣੀਆਂ ਖੂਬਸੂਰਤ ਰਚਨਾਵਾਂ ਪੇਸ਼ ਕੀਤੀਆਂ।ਪ੍ਰੋਗਰਾਮ ਦੌਰਾਨ ਜਲੰਧਰ ਤੋਂ ਅਭਿਮ ਕੁਮਾਰ ਨੇ ਵਿਸ਼ੇਸ਼ ਖਿੱਚ ਪਾਈ,ਜਿਸ ਨੇ ਪੰਜਾਬ ਭਵਨ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੰਦਿਆਂ ਇੱਕ ਬਹੁਤ ਹੀ ਭਾਵਪੂਰਤ ਅਤੇ ਉਮਦਾ ਰਚਨਾ ਪੇਸ਼ ਕੀਤੀ। ਬੱਚਿਆਂ ਵੱਲੋਂ ਪੇਸ਼ ਕੀਤੀ ਗਈ ਹਰ ਕਵਿਤਾ ਕਿਸੇ ਨਾ ਕਿਸੇ ਡੂੰਘੇ ਸਮਾਜਿਕ ਸੰਦੇਸ਼ ਨਾਲ ਲਬਰੇਜ਼ ਸੀ।ਪ੍ਰੋਗਰਾਮ ਦੌਰਾਨ ਪ੍ਰੋਜੈਕਟ ਇੰਚਾਰਜ ਓਂਕਾਰ ਸਿੰਘ ਤੇਜੇ ਨੇ ਇਸ ਮੌਕੇ ਸਭ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਗੁਰਵਿੰਦਰ ਸਿੰਘ ਕਾਂਗੜ ਸੀਨੀਅਰ ਸਹਾਇਕ ਪ੍ਰੋਜੈਕਟ ਇੰਚਾਰਜ ਦੁਆਰਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਪਾਕਿਸਤਾਨ (ਲਹਿੰਦੇ ਪੰਜਾਬ) ਤੋਂ ਖਾਸ ਤੌਰ 'ਤੇ ਪਹੁੰਚੇ ਨਜ਼ੀਰ ਸਾਹਿਬ ਦੀ ਸ਼ਿਰਕਤ ਖਿੱਚ ਦਾ ਕੇਂਦਰ ਰਹੀ।
ਮੁੱਖ ਮਹਿਮਾਨ ਅਸ਼ੋਕ ਮਹਿਰਾ (ਸਟੇਟ ਅਤੇ ਅੰਤਰਰਾਸ਼ਟਰੀ ਕੋਆਰਡੀਨੇਟਰ) ਨੇ ਬੱਚਿਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣੀ ਹਰ ਕਵਿਤਾ ਵਿਚੋਂ ਇੱਕ 'ਪ੍ਰਣ' ਲੈ ਲਈਏ, ਤਾਂ ਉਹ ਵਿਚਾਰ ਸਾਡੀ ਜ਼ਿੰਦਗੀ ਬਦਲ ਸਕਦਾ ਹੈ। ਉਨ੍ਹਾਂ ਕਿਹਾ ਕਿ ਖ਼ਾਬ ਪਹਿਲਾਂ ਛੋਟੇ ਰੱਖੋ ਅਤੇ ਛੋਟੇ ਮਕਸਦ ਤੋਂ ਸ਼ੁਰੂਆਤ ਕਰੋ, ਮੰਜ਼ਿਲ ਆਪਣੇ-ਆਪ ਵੱਡੀ ਹੁੰਦੀ ਜਾਵੇਗੀ।
ਸਮਾਜ ਵਿੱਚ ਵੱਧ ਰਹੇ ਸੜਕ ਹਾਦਸਿਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਅਸ਼ੋਕ ਮਹਿਰਾ ਜੀ ਨੇ ਸੜਕ ਸੁਰੱਖਿਆ ਬਾਰੇ ਇੱਕ ਕਿਤਾਬ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਸੁਝਾਅ ਨੂੰ ਪ੍ਰਵਾਨ ਕਰਦਿਆਂ ਸ੍ਰੀ ਸੁੱਖੀ ਬਾਠ ਨੇ ਤੁਰੰਤ ਕਿਤਾਬ ਛਪਵਾਉਣ ਲਈ ਆਪਣੀ ਸਹਿਮਤੀ ਦਿੱਤੀ। ਬਾਠ ਸਾਹਿਬ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪੰਜਾਬ ਭਵਨ ਹਮੇਸ਼ਾ ਬੱਚਿਆਂ ਦੀ ਕਲਾ ਨੂੰ ਨਿਖਾਰਨ ਅਤੇ ਸਮਾਜਿਕ ਭਲਾਈ ਦੇ ਕੰਮਾਂ ਲਈ ਵਚਨਬੱਧ ਹੈ।
ਪ੍ਰੋਗਰਾਮ ਦਾ ਸੰਚਾਲਨ ਬਲਜੀਤ ਸ਼ਰਮਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਅਤੇ ਅਖੀਰ ਵਿੱਚ ਭੀਮ ਸਿੰਘ ਸਟੇਟ ਆਨਲਾਈਨ ਟ੍ਰੇਨਿੰਗ ਕੋਆਰਡੀਨੇਟਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਅਵਤਾਰ ਸਿੰਘ ਚੋਟੀਆਂ,ਡਾ.ਸੁਖਪਾਲ ਕੌਰ,ਡਾ.ਨਿਰਮ ਜੋਸਨ,ਰਣਜੀਤ ਕੌਰ ਬਾਜਵਾ, ਵੀਨਾ ਅਰੋੜਾ,ਰਾਜਵਿੰਦਰ ਕੌਰ ਸੰਧੂ,ਪ੍ਰਿੰਸੀਪਲ ਮੇਜਰ ਸਿੰਘ,ਹਰਜਿੰਦਰ ਕੌਰ,ਸੁਪਰਜੀਤ ਕੌਰ ਸ਼ਾਮਲ ਸਨ।
Posted By: Daily Suraj Bureau