Daily Suraj

ਪੰਜਾਬੀ

ਚੰਡੀਗੜ੍ਹ ’ਚ ਹੰਗਾਮਾ: ਮੰਤਰੀਆਂ ਦੀਆਂ ਰਿਹਾਇਸ਼ਾਂ ਬਾਹਰ ਸੁਨੀਲ ਜਾਖੜ ਨੂੰ ਪੁਲੀਸ ਨੇ ਰੋਕਿਆ, ਪੰਜਾਬ ਸਰਕਾਰ ’ਤੇ ਲਾਏ ਗੰਭੀਰ ਦੋਸ਼

29 Sep, 2026 01:05 PM

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵੱਲੋਂ ਚੰਡੀਗੜ੍ਹ ਦੇ ਸੈਕਟਰ-39 ਸਥਿਤ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਰਿਹਾਇਸ਼ਾਂ ਦਾ ਦੌਰਾ ਕਰਨ ਦੌਰਾਨ ਹੰਗਾਮਾ ਹੋ ਗਿਆ। ਮੌਕੇ 'ਤੇ ਮੌਜੂਦ ਪੁਲੀਸ ਬਲ ਨੇ ਉਨ੍ਹਾਂ ਨੂੰ ਮੰਤਰੀਆਂ ਦੀਆਂ ਕੋਠੀਆਂ ਦੇ ਬਾਹਰ ਹੀ ਰੋਕ ਲਿਆ, ਜਿਸ ਤੋਂ ਬਾਅਦ ਸਿਆਸੀ ਪਾਰਾ ਗਰਮਾ ਗਿਆ। ਪੁਲੀਸ ਦੀ ਇਸ ਕਾਰਵਾਈ 'ਤੇ ਰੋਸ ਪ੍ਰਗਟਾਉਂਦਿਆਂ ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸੈਕਟਰ-39 ਸਥਿਤ ਸਰਕਟ ਹਾਊਸ ਵਿੱਚ ਕਮਰਾ ਬੁੱਕ ਕਰਵਾਇਆ ਹੋਇਆ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਇਸ ਦੌਰਾਨ ਸਰਕਾਰ 'ਤੇ ਸਿੱਧਾ ਹਮਲਾ ਬੋਲਦਿਆਂ ਜਾਖੜ ਨੇ ਦੋਸ਼ ਲਾਇਆ ਕਿ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਵਿੱਚ ਅਣ-ਅਧਿਕਾਰਤ ਅਤੇ 'ਬਾਹਰੀ ਵਿਅਕਤੀ' ਰਹਿ ਰਹੇ ਹਨ, ਜੋ ਕਿ ਬਿਲਕੁਲ ਗ਼ਲਤ ਹੈ ਅਤੇ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਗਮਾਡਾ (GMADA) ਅਤੇ ਹੋਰ ਅਹਿਮ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਫ਼ਾਈਲਾਂ ਨੂੰ ਇਹ ਬਾਹਰੀ ਵਿਅਕਤੀ ਹੀ ਮੰਤਰੀਆਂ ਦੀਆਂ ਕੋਠੀਆਂ ਵਿੱਚ ਬੈਠ ਕੇ ਪ੍ਰਵਾਨਗੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਭ ਤੋਂ ਪਹਿਲਾਂ ਇਨ੍ਹਾਂ ਸਰਕਾਰੀ ਰਿਹਾਇਸ਼ਾਂ ਤੋਂ ਬਾਹਰੀ ਲੋਕਾਂ ਦਾ ਕਬਜ਼ਾ ਛੁਡਵਾਏਗੀ ਅਤੇ ਇਸ ਤੋਂ ਬਾਅਦ ਪੰਜਾਬ ਦੇ ਰਾਜਨੀਤਿਕ ਪ੍ਰਸ਼ਾਸਨ 'ਚੋਂ ਇਨ੍ਹਾਂ ਦਾ ਮੁਕੰਮਲ ਸਫ਼ਾਇਆ ਕੀਤਾ ਜਾਵੇਗਾ।

Posted By: Daily Suraj Bureau

Latest News