Daily Suraj

ਪੰਜਾਬੀ

ਲੁਧਿਆਣਾ ’ਚ ਅੱਜ ਚੰਨੀ ਦੀ ‘ਜਵਾਨੀ ਸੰਭਾਲ ਯਾਤਰਾ’, ਰਾਜਾ ਵੜਿੰਗ ਦੀ ਸ਼ਮੂਲੀਅਤ ’ਤੇ ਟਿਕੀਆਂ ਨਜ਼ਰਾਂ

13 Nov, 2026 12:34 PM

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ‘ਜਵਾਨੀ ਸੰਭਾਲ ਯਾਤਰਾ’ ਅੱਜ ਲੁਧਿਆਣਾ ਪਹੁੰਚੇਗੀ। ਇਸ ਮੌਕੇ ਹੋਣ ਵਾਲੀ ਰੈਲੀ ਵਿੱਚ ਸਥਾਨਕ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਮੂਲੀਅਤ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ ਹੈ। ਵੜਿੰਗ ਬੀਤੀ ਦੇਰ ਰਾਤ ਤੱਕ ਸ਼ਹਿਰ ਵਿੱਚ ਹੀ ਮੌਜੂਦ ਸਨ, ਪਰ ਅੱਜ ਦੀ ਰੈਲੀ ਵਿੱਚ ਉਨ੍ਹਾਂ ਦੀ ਹਾਜ਼ਰੀ ਜਾਂ ਗੈਰ-ਹਾਜ਼ਰੀ ਨੂੰ ਪੰਜਾਬ ਕਾਂਗਰਸ ਦੇ ਅੰਦਰੂਨੀ ਸਮੀਕਰਨਾਂ ਦੇ ਸੰਦਰਭ ਵਿੱਚ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਆਪਣੇ ਨੇੜਲੇ ਸਾਥੀਆਂ ਨਾਲ ਹੋਈ ਮੀਟਿੰਗ ਦੌਰਾਨ ਰਾਜਾ ਵੜਿੰਗ ਨੇ ਸਾਰਿਆਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਪਰਗਟ ਸਿੰਘ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਸੀ। ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਕਰੀਬ 5:30 ਵਜੇ ਜਦੋਂ ਚੰਨੀ ਦੀ ਸਾਈਕਲ ਯਾਤਰਾ ਸਮਰਾਲਾ ਪਹੁੰਚੀ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਨੇ ਇਸ ਦਾ ਵਿਰੋਧ ਕੀਤਾ। ਯਾਤਰਾ ਦੇ ਸਮਰਾਲਾ ਵਿੱਚ ਦਾਖ਼ਲ ਹੁੰਦਿਆਂ ਹੀ ਲਗਪਗ 100 ‘ਆਪ’ ਆਗੂ ਅਤੇ ਵਰਕਰ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹਾਲਾਂਕਿ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ‘ਆਪ’ ਕਾਰਕੁਨਾਂ ਦਾ ਵਿਰੋਧ ਉਸ ਸਮੇਂ ਤੱਕ ਜਾਰੀ ਰਿਹਾ, ਜਦੋਂ ਤੱਕ ਯਾਤਰਾ ਵਿੱਚ ਸ਼ਾਮਲ ਲੋਕ ਆਪਣੇ ਰਾਤ ਦੇ ਠਹਿਰਾਅ ਵਾਲੇ ਸਥਾਨ ’ਤੇ ਨਹੀਂ ਪਹੁੰਚ ਗਏ। ਸਮਰਾਲਾ ਪਹੁੰਚਣ ਸਮੇਂ ਚੰਨੀ ਦੇ ਨਾਲ ਕਰੀਬ 700 ਤੋਂ 800 ਸਮਰਥਕਾਂ ਦਾ ਕਾਫ਼ਲਾ ਸੀ। ਉਨ੍ਹਾਂ ਦੇ ਰਾਤ ਦੇ ਠਹਿਰਾਅ ਅਤੇ ਲੰਗਰ-ਪਾਣੀ ਲਈ ਪ੍ਰਬੰਧ ਕੀਤੇ ਗਏ ਸਨ। ਸ਼ਾਮ ਨੂੰ ਚੰਨੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਇੱਕ ਛੋਟੇ ਇਕੱਠ ਨੂੰ ਸੰਬੋਧਨ ਵੀ ਕੀਤਾ। ਤੈਅ ਪ੍ਰੋਗਰਾਮ ਮੁਤਾਬਕ, ਅੱਜ ਸਮਰਾਲਾ ਵਿੱਚ ਜਨਤਕ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ‘ਜਵਾਨੀ ਸੰਭਾਲ ਯਾਤਰਾ’ ਲੁਧਿਆਣਾ ਲਈ ਰਵਾਨਾ ਹੋਵੇਗੀ। ਯਾਤਰਾ ਦੇ ਦੁਪਹਿਰ ਕਰੀਬ 1:30 ਵਜੇ ਲੁਧਿਆਣਾ ਸ਼ਹਿਰ ਵਿੱਚ ਦਾਖ਼ਲ ਹੋਣ ਦਾ ਪ੍ਰੋਗਰਾਮ ਹੈ।

Latest News