ਨਵਜਨਮੀ ਬੱਚੀ ਦੀ ਖਰੀਦ-ਫਰੋਖ਼ਤ, 2.10 ਲੱਖ ’ਚ ਸੌਦਾ
- ਲੁਧਿਆਣਾ
- (Asia/Kolkata)
ਲੁਧਿਆਣਾ ਵਿੱਚ ਬਾਲ ਤਸਕਰੀ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲੀਸ ਨੇ ਇੱਕ ਨਵਜੰਮੀ ਬੱਚੀ ਨੂੰ 2.10 ਲੱਖ ਰੁਪਏ ਵਿੱਚ ਵੇਚਣ ਦੇ ਦੋਸ਼ ਹੇਠ ਬੱਚੀ ਦੀ ਮਾਂ ਅਤੇ ਇੱਕ BAMS ਡਾਕਟਰ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਥਾਨਕ ਨਿਵਾਸੀਆਂ ਨੇ ਨੀਲਾ ਝੰਡਾ ਰੋਡ ਸਥਿਤ ਪਾਰਕ ਵਿੱਚ ਇੱਕ ਔਰਤ ਨੂੰ ਨਵਜੰਮੀ ਬੱਚੀ ਨੂੰ ਚੁੱਕੀ ਦੇਖਿਆ, ਜੋ ਲਗਾਤਾਰ ਰੋ ਰਹੀ ਸੀ। ਹਾਲਾਤ ਸ਼ੱਕੀ ਦੇਖ ਕੇ ਰਾਹਗੀਰਾਂ ਨੇ ਔਰਤ ਤੋਂ ਪੁੱਛਗਿੱਛ ਕੀਤੀ। ਗੱਲਬਾਤ ਦੌਰਾਨ ਉਸ ਨੇ ਕਥਿਤ ਤੌਰ 'ਤੇ ਕਬੂਲ ਕੀਤਾ ਕਿ ਉਸ ਨੇ ਬੱਚੀ ਨੂੰ 2.10 ਲੱਖ ਰੁਪਏ ਵਿੱਚ ਖਰੀਦਿਆ ਹੈ, ਜਿਸ ਤੋਂ ਬਾਅਦ ਲੋਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਅਨੁਸਾਰ, ਬੱਚੀ ਦਾ ਜਨਮ 13 ਫਰਵਰੀ ਨੂੰ ਲੁਧਿਆਣਾ ਦੇ ਬਾਬਾ ਥਾਨ ਸਿੰਘ ਚੌਂਕ ਨੇੜੇ ਅਰੋੜਾ ਨਰਸਿੰਗ ਹੋਮ ਵਿੱਚ ਹੋਇਆ ਸੀ। ਕਥਿਤ ਸੌਦੇ ਦੇ ਸਮੇਂ ਉਹ ਸਿਰਫ਼ ਦੋ ਦਿਨਾਂ ਦੀ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬੱਚੀ ਦੀ ਮਾਂ ਸੁਨੀਤਾ ਦੇਵੀ, ਜੋ ਕਿ ਸ਼ੇਰਪੁਰ ਕਲਾਂ ਦੀ ਨਿਵਾਸੀ, ਮੂਲ ਰੂਪ ਵਿੱਚ ਗੋਰਖਪੁਰ, ਯੂਪੀ ਤੋਂ ਹੈ, ਮਨਪ੍ਰੀਤ ਕੌਰ ਬੀਏਐੱਮਐੱਸ ਡਾਕਟਰ, ਪੰਜਾਬ ਮਾਤਾ ਨਗਰ ਦੀ ਨਿਵਾਸੀ, ਪਰਵੀਨ, ਖੁੱਡ ਮੁਹੱਲਾ ਨਿਵਾਸੀ, ਰੁਚੀ ਡਾਬਾ ਰੋਡ ਨਿਵਾਸੀ ਅਤੇ ਮਨਦੀਪ ਕੌਰ ਪਿੰਡ ਨੰਗਲ, ਜ਼ਿਲ੍ਹਾ ਮੋਗਾ ਨਿਵਾਸੀ ਵਜੋਂ ਹੋਈ ਹੈ। ਪ੍ਰੈੱਸ ਕਾਨਫਰੰਸ ਦੌਰਾਨ ਵਧੀਕ ਡੀਸੀਪੀ-1 ਸਮੀਰ ਵਰਮਾ ਨੇ ਦੱਸਿਆ ਕਿ ਸੁਨੀਤਾ ਦੇਵੀ ਦੀਆਂ ਪਹਿਲਾਂ ਵੀ ਚਾਰ ਬੱਚੀਆਂ ਹਨ। ਜਦੋਂ ਉਹ ਪੰਜਵੀ ਵਾਰ ਗਰਭਵਤੀ ਹੋਈ ਤਾਂ ਉਸ ਦਾ ਪਤੀ ਉਸ ਤੋਂ ਨਾਖੁਸ਼ ਸੀ। ਪੁਲੀਸ ਨੇ ਇਹ ਵੀ ਦੱਸਿਆ ਕਿ ਉਸ ਨੇ ਬੱਚੀ ਨੂੰ ਕਿਸੇ ਹੋਰ ਨੂੰ ਦੇਣ ਦਾ ਫੈਸਲਾ ਕੀਤਾ ਤੇ ਹਸਪਤਾਲ ਦੀ ਨਰਸ ਨਾਲ ਸੰਪਰਕ ਕਰ ਕੇ ਪਰਵੀਨ ਨਾਲ ਦੀ ਔਰਤ ਨਾਲ ਰਾਬਤਾ ਕੀਤਾ ਗਿਆ। ਪਰਵੀਨ ਨਰਸ ਅਤੇ ਘਰੇਲੂ ਸਹਾਇਕ ਵਜੋਂ ਕੰਮ ਕਰਦੀ ਹੈ। ਉਸ ਨੇ ਕਥਿਤ ਤੌਰ 'ਤੇ ਮੋਗਾ ਦੇ ਪਿੰਡ ਅਜੀਤਵਾਲ ਦੀ ਇੱਕ ਹੋਰ ਨਰਸ ਗੁਰਮੀਤ ਕੌਰ ਨਾਲ ਸੰਪਰਕ ਕਰ ਕੇ ਅੰਮ੍ਰਿਤਸਰ ਦੀ ਇੱਕ ਆਸ਼ਾ ਵਰਕਰ ਪੰਮਾ ਨਾਲ ਗੱਲ ਕੀਤੀ, ਜਿਸ ਦੇ ਡਾਕਟਰਾਂ ਨਾਲ ਸਬੰਧ ਦੱਸੇ ਜਾਂਦੇ ਹਨ। ਏਡੀਸੀਪੀ ਵਰਮਾ ਅਨੁਸਾਰ, ਆਸ਼ਾ ਵਰਕਰ ਨੇ ਪੰਜਾਬ ਮਾਤਾ ਨਗਰ ਦੀ ਰਹਿਣ ਵਾਲੀ ਬੀਏਐੱਮਐੱਸ ਡਾਕਟਰ ਮਨਮੀਤ ਕੌਰ ਨੂੰ ਵਿਕਾਊ ਨਵਜੰਮੇ ਬੱਚੇ ਬਾਰੇ ਸੂਚਿਤ ਕੀਤਾ। ਜਦੋਂ ਡਾਕਟਰ ਨੂੰ ਕੋਈ ਖਰੀਦਦਾਰ ਨਾ ਮਿਲਿਆ, ਤਾਂ ਉਸ ਨੇ ਕਥਿਤ ਤੌਰ 'ਤੇ ਆਪਣੇ ਪੇਕੇ ਮੁਹੱਲਾ ਸੰਤ ਕਬੀਰ ਨਗਰ ਵਿੱਚ ਗੁਆਂਢੀ ਰੁਚੀ ਨਾਲ ਸੰਪਰਕ ਕੀਤਾ, ਜੋ ਕੇਅਰਟੇਕਰ ਵਜੋਂ ਕੰਮ ਕਰਦੀ ਹੈ। ਰੁਚੀ ਨੇ ਫਿਰ ਮੋਗਾ ਦੇ ਪਿੰਡ ਨੰਗਲ ਦੀ ਰਹਿਣ ਵਾਲੀ ਮਨਦੀਪ ਕੌਰ ਨਾਲ ਸੰਪਰਕ ਕੀਤਾ, ਜਿਸ ਨੇ ਪਹਿਲਾਂ ਬੱਚਾ ਗੋਦ ਲੈਣ ਦੀ ਇੱਛਾ ਜ਼ਾਹਰ ਕੀਤੀ ਸੀ। ਮਨਦੀਪ ਕਥਿਤ ਤੌਰ 'ਤੇ ਬੱਚੀ ਨੂੰ ਖਰੀਦਣ ਲਈ ਸਹਿਮਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮਨਦੀਪ ਕੌਰ ਨੂੰ 2.10 ਲੱਖ ਰੁਪਏ ਦੇਣ ਲਈ ਕਿਹਾ ਗਿਆ ਸੀ, ਜਿਸ ਵਿੱਚੋਂ 1.5 ਲੱਖ ਰੁਪਏ ਬੱਚੀ ਦੀ ਮਾਂ ਨੂੰ ਜਾਣੇ ਸਨ ਅਤੇ 60,000 ਰੁਪਏ ਕਮਿਸ਼ਨ ਵਜੋਂ ਰੱਖੇ ਜਾਣੇ ਸਨ। ਉਹ ਇਨ੍ਹਾਂ ਸ਼ਰਤਾਂ 'ਤੇ ਸਹਿਮਤ ਹੋ ਗਈ ਅਤੇ ਸੌਦਾ ਪੂਰਾ ਕਰਨ ਲਈ ਲੁਧਿਆਣਾ ਆ ਗਈ। 15 ਫਰਵਰੀ ਦੀ ਦੁਪਹਿਰ ਨੂੰ ਕਥਿਤ ਖਰੀਦਦਾਰ ਅਤੇ ਵਿਕਰੇਤਾ ਬੱਚੀ ਨੂੰ ਸੌਂਪਣ ਲਈ ਨੀਲਾ ਝੰਡਾ ਰੋਡ 'ਤੇ ਸਥਿਤ ਇੱਕ ਪਾਰਕ ਵਿੱਚ ਇਕੱਠੇ ਹੋਏ। ਹਾਲਾਂਕਿ, ਨਵਜੰਮੀ ਬੱਚੀ ਦੇ ਰੋਣ ਅਤੇ ਅਸਾਧਾਰਨ ਗਤੀਵਿਧੀਆਂ ਨੂੰ ਦੇਖ ਕੇ ਸ਼ੱਕੀ ਰਾਹਗੀਰਾਂ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ। ਜਦੋਂ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਸਾਰੇ ਨੈੱਟਵਰਕ ਦਾ ਪਰਦਾਫਾਸ਼ ਹੋ ਗਿਆ। ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲੀਸ ਨੇ ਕਿਹਾ ਕਿ ਜਿਸ ਨਰਸਿੰਗ ਹੋਮ ਵਿੱਚ ਬੱਚੀ ਦਾ ਜਨਮ ਹੋਇਆ ਸੀ, ਉੱਥੋਂ ਦੇ ਡਾਕਟਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਜਾਂਚ ਦੌਰਾਨ ਹੋਰ ਸ਼ਮੂਲੀਅਤ ਪਾਈ ਗਈ ਤਾਂ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Leave a Reply