Daily Suraj

ਪੰਜਾਬੀ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਭਿਆਨਕ ਜੰਗਲੀ ਅੱਗ, 20 ਹਜ਼ਾਰ ਤੋਂ ਵੱਧ ਲੋਕ ਬੇਘਰ

14 Aug, 2026 09:56 AM

ਪੱਛਮੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਭਿਆਨਕ ਜੰਗਲੀ ਅੱਗ ਨੇ ਵੱਡੀ ਤਬਾਹੀ ਮਚਾਈ ਹੋਈ ਹੈ। ਅੱਗ ਦੇ ਤੇਜ਼ੀ ਨਾਲ ਫੈਲਣ ਕਾਰਨ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ। ਗਰਮੀ ਅਤੇ ਸੋਕੇ ਕਾਰਨ ਅੱਗ ’ਤੇ ਕਾਬੂ ਪਾਉਣਾ ਮੁਸ਼ਕਲ ਬਣਿਆ ਹੋਇਆ ਹੈ। ਅੱਗ ਬੁਝਾਊ ਦਸਤੇ ਇਸ ਸਮੇਂ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਦੀ ਬਜਾਏ ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਤੋਂ ਸੁਰੱਖਿਅਤ ਕੱਢਣ ਨੂੰ ਤਰਜੀਹ ਦੇ ਰਹੇ ਹਨ। ਸਮਰਲੈਂਡ ਨੇੜੇ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਅੱਗ ਹੁਣ ਤੱਕ ਲਗਭਗ 184 ਵਰਗ ਕਿਲੋਮੀਟਰ (71 ਵਰਗ ਮੀਲ) ਖੇਤਰ ਵਿੱਚ ਫੈਲ ਚੁੱਕੀ ਹੈ। ਇਸ ਅੱਗ ਕਾਰਨ 80 ਸਾਲਾ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਹੈ, ਜਦਕਿ ਕਈ ਘਰ ਸੜ ਕੇ ਸੁਆਹ ਹੋ ਗਏ ਹਨ। ਅਧਿਕਾਰੀਆਂ ਮੁਤਾਬਕ ਪ੍ਰਭਾਵਿਤ ਇਲਾਕਾ ਅਜੇ ਵੀ ਸੁਰੱਖਿਅਤ ਨਹੀਂ ਹੈ ਅਤੇ ਲੋਕਾਂ ਦੇ ਆਪਣੇ ਘਰਾਂ ਨੂੰ ਵਾਪਸ ਜਾਣ ਸਬੰਧੀ ਹਾਲੇ ਕੋਈ ਸਮਾਂ-ਸੀਮਾ ਤੈਅ ਨਹੀਂ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮੌਜੂਦਾ ਹਾਲਾਤ ਜਾਰੀ ਰਹੇ ਤਾਂ ਭਵਿੱਖ ਵਿੱਚ ਜੰਗਲਾਂ ਦੀਆਂ ਅੱਗਾਂ ਆਮ ਵਰਤਾਰਾ ਬਣ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜੰਗਲਾਂ ਦੀ ਅੱਗ ਨਾਲ ਨਜਿੱਠਣ ਲਈ ਯੋਜਨਾਬੰਦੀ, ਇਮਾਰਤਾਂ ਦੇ ਮਿਆਰਾਂ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰੇਗੀ। ਮੌਸਮ ਵਿੱਚ ਤਬਦੀਲੀ ਅਤੇ ਤੇਜ਼ ਹਵਾਵਾਂ ਕਾਰਨ ਅੱਗ ਦੇ ਹੋਰ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਅਧਿਕਾਰੀਆਂ ਵੱਲੋਂ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਕੈਨੇਡਾ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਲਮੀ ਤਪਸ਼ ਅਤੇ ਜਲਵਾਯੂ ਪਰਿਵਰਤਨ ਕਾਰਨ ਕੈਨੇਡਾ ਵਿੱਚ ਅਜਿਹੀਆਂ ਕੁਦਰਤੀ ਆਫ਼ਤਾਂ ਹੋਰ ਗੰਭੀਰ ਰੂਪ ਧਾਰ ਰਹੀਆਂ ਹਨ।

Posted By: Daily Suraj Bureau

Latest News