ਮਾਰਕ ਕਾਰਨੀ ਦਾ ਐਲਾਨ: ਇੰਧਨ ਦੀਆਂ ਕੀਮਤਾਂ ਵਿੱਚ ਆਵੇਗੀ ਕਮੀ
- ਵਿਦੇਸ਼
- (Asia/Kolkata)
Mark Carney ਦੀ ਅਗਵਾਈ ਹੇਠ ਕੈਨੇਡਾ ਸਰਕਾਰ ਨੇ ਇੰਧਨ ਦੀਆਂ ਵਧ ਰਹੀਆਂ ਕੀਮਤਾਂ ਤੋਂ ਰਾਹਤ ਦੇਣ ਲਈ ਮਹੱਤਵਪੂਰਨ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਤਿੰਨ ਜ਼ਿਮਨੀ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਨ ਤੋਂ ਅਗਲੇ ਹੀ ਦਿਨ ਐਲਾਨ ਕੀਤਾ ਕਿ ਪੈਟਰੋਲ, ਡੀਜ਼ਲ ਅਤੇ ਹਵਾਈ ਇੰਧਨ ’ਤੇ ਲੱਗਣ ਵਾਲਾ ਫੈਡਰਲ ਐਕਸਾਈਜ਼ ਟੈਕਸ ਅਸਥਾਈ ਤੌਰ ’ਤੇ ਹਟਾਇਆ ਜਾ ਰਿਹਾ ਹੈ। ਇਹ ਫ਼ੈਸਲਾ 20 ਅਪਰੈਲ, ਸੋਮਵਾਰ ਤੋਂ ਲਾਗੂ ਹੋਵੇਗਾ। ਇਸ ਨਾਲ ਪੈਟਰੋਲ ਦੀ ਕੀਮਤ ਵਿੱਚ ਲਗਭਗ 10 ਸੈਂਟ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ ਕਰੀਬ 4 ਸੈਂਟ ਪ੍ਰਤੀ ਲੀਟਰ ਦੀ ਕਮੀ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਹਵਾਈ ਜਹਾਜ਼ਾਂ ਦੇ ਫਿਊਲ ’ਤੇ ਲੱਗਦਾ 4 ਸੈਂਟ ਪ੍ਰਤੀ ਲੀਟਰ ਟੈਕਸ ਵੀ ਖਤਮ ਕੀਤਾ ਜਾਵੇਗਾ। ਸਰਕਾਰ ਦੇ ਅਨੁਸਾਰ, ਇਹ ਰਾਹਤ ਲੇਬਰ ਡੇਅ ਤੱਕ ਜਾਰੀ ਰਹੇਗੀ ਅਤੇ ਇਸ ਕਦਮ ਨਾਲ ਲਗਭਗ 2.4 ਬਿਲੀਅਨ ਡਾਲਰ ਦਾ ਵਿੱਤੀ ਬੋਝ ਪਵੇਗਾ। ਪ੍ਰਧਾਨ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਸ ਫ਼ੈਸਲੇ ਨਾਲ ਟਰੱਕਿੰਗ, ਖਾਣ-ਪੀਣ, ਖੇਤੀਬਾੜੀ, ਹਾਊਸਿੰਗ, ਨਿਰਮਾਣ ਅਤੇ ਡਿਲਿਵਰੀ ਵਰਗੇ ਖੇਤਰਾਂ ਵਿੱਚ ਕੰਮ ਕਰ ਰਹੇ ਕਾਰੋਬਾਰਾਂ ਦੇ ਖ਼ਰਚੇ ਘਟਣਗੇ। ਇਸ ਨਾਲ ਆਰਥਿਕ ਗਤੀਵਿਧੀਆਂ ਨੂੰ ਵੀ ਤਾਕਤ ਮਿਲਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ ਵਿੱਚ Canada ਵਿੱਚ ਗੈਸ ਦੀ ਔਸਤ ਕੀਮਤ 176 ਸੈਂਟ ਪ੍ਰਤੀ ਲੀਟਰ ਤੋਂ ਵੱਧ ਹੈ। ਇਸ ਤੋਂ ਪਹਿਲਾਂ, ਜਦੋਂ US-Israel strikes on Iran ਹੋਏ ਸਨ, ਉਸ ਸਮੇਂ ਇਹ ਕੀਮਤ ਲਗਭਗ 126 ਸੈਂਟ ਪ੍ਰਤੀ ਲੀਟਰ ਸੀ। ਕਾਰਨੀ ਨੇ ਜ਼ੋਰ ਦੇ ਕੇ ਕਿਹਾ ਕਿ ਮਹਿੰਗਾਈ ’ਤੇ ਕਾਬੂ ਪਾਉਣਾ, ਵਧੇਰੇ ਘਰ ਬਣਾਉਣਾ ਅਤੇ ਵੱਡੇ ਵਿਕਾਸ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਕੈਨੇਡਾ ਦੀ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਅਤੇ ਖੁਦਨਿਰਭਰ ਬਣਾਉਣ ਦੀ ਲੋੜ ਉਤੇ ਵੀ ਧਿਆਨ ਦਿੱਤਾ। ਉਨ੍ਹਾਂ ਨੇ International Monetary Fund ਦੀ ਤਾਜ਼ਾ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੌਜੂਦਾ ਚੁਣੌਤੀਆਂ ਦੇ ਬਾਵਜੂਦ ਉਮੀਦ ਹੈ ਕਿ ਕੈਨੇਡਾ ਮੰਦੀ ਤੋਂ ਬਚ ਸਕੇਗਾ।
Leave a Reply