ਗੁਰਦਾਸਪੁਰ ‘ਚ ਸ਼ੱਕੀ ਮੌਤ, ਪੁਲਿਸ ਨੇ ਸੜਦੀ ਚਿਖਾ ਵਿੱਚੋਂ ਲਾਸ਼ ਕੱਢੀ
- ਪੰਜਾਬ
- (Asia/Kolkata)
ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਦੇ ਪਿੰਡ ਅਵਾਂਖਾ ਵਿੱਚ ਇੱਕ 42 ਸਾਲਾ ਵਿਅਕਤੀ ਦੀ ਗੋਲੀ ਲੱਗਣ ਕਾਰਨ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮਾਮਲਾ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕੀਤੇ ਬਿਨਾਂ ਅੰਤਿਮ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੂੰ ਜਾਣਕਾਰੀ ਮਿਲਣ ਉਪਰੰਤ ਦੀਨਾਨਗਰ ਥਾਣੇ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਰੰਧਾਵਾ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ।

ਜਦੋਂ ਤੱਕ ਪੁਲਿਸ ਪਹੁੰਚੀ, ਚਿਖਾ ਨੂੰ ਅੱਗ ਲੱਗ ਚੁੱਕੀ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ਬੁਝਾਈ, ਅੰਤਿਮ ਸੰਸਕਾਰ ਰੋਕਿਆ ਅਤੇ ਲਾਸ਼ ਨੂੰ ਚਿਖਾ ਵਿੱਚੋਂ ਕੱਢ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ। ਮ੍ਰਿਤਕ ਦੀ ਪਛਾਣ ਸਤਵੰਤ ਸਿੰਘ ਉਰਫ਼ ਹੈਪੀ (42) ਵਾਸੀ ਪਿੰਡ ਅਵਾਂਖਾ ਵਜੋਂ ਹੋਈ ਹੈ। ਰਿਪੋਰਟਾਂ ਮੁਤਾਬਕ, ਉਸਦੀ ਮੌਤ ਦੁਪਹਿਰ ਵੇਲੇ ਅਚਾਨਕ ਗੋਲੀ ਲੱਗਣ ਕਾਰਨ ਹੋਈ। ਪਰਿਵਾਰਕ ਜਾਣਕਾਰੀ ਅਨੁਸਾਰ, ਉਸਦੀ ਪਤਨੀ ਡਿੰਪੀ ਚਾਰ ਮਹੀਨੇ ਪਹਿਲਾਂ ਕੰਮ ਲਈ ਅਰਮੀਨੀਆ ਗਈ ਹੋਈ ਹੈ ਅਤੇ ਉਨ੍ਹਾਂ ਦਾ ਢਾਈ ਸਾਲ ਦਾ ਪੁੱਤਰ ਹੈ। ਐਸਐਚਓ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਨੂੰ ਗੋਲੀ ਲੱਗਣ ਨਾਲ ਮੌਤ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚਣ ‘ਤੇ ਪਤਾ ਲੱਗਾ ਕਿ ਅਵਾਂਖਾ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ, ਜਿਸਨੂੰ ਤੁਰੰਤ ਰੋਕ ਦਿੱਤਾ ਗਿਆ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰੀਰ ਦੇ ਕੁਝ ਹਿੱਸਿਆਂ ‘ਤੇ ਕਾਲਾਪਣ ਹੋਣ ਕਾਰਨ ਗੋਲੀ ਲੱਗਣ ਬਾਰੇ ਪੱਕੀ ਜਾਣਕਾਰੀ ਹਾਲੇ ਉਪਲਬਧ ਨਹੀਂ ਹੈ। ਸੂਤਰਾਂ ਮੁਤਾਬਕ, ਮ੍ਰਿਤਕ ਨੂੰ ਦੋ ਤੋਂ ਤਿੰਨ ਗੋਲੀਆਂ ਲੱਗਣ ਦਾ ਸ਼ੱਕ ਹੈ, ਜਿਸਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਵੇਗੀ। ਪੁਲਿਸ ਵੱਲੋਂ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
Leave a Reply