ਲੁਧਿਆਣਾ 'ਚ 'ਆਪ' ਵਿਧਾਇਕਾ ਰਜਿੰਦਰਪਾਲ ਕੌਰ ਛੀਨਾ 'ਤੇ ਟਰੱਕ ਡਰਾਈਵਰ ਨੂੰ ਥੱਪੜ ਮਾਰਨ ਦੇ ਦੋਸ਼, ਵੀਡੀਓ ਵਾਇਰਲ
- ਪੰਜਾਬ
- (Asia/Kolkata)
ਲੁਧਿਆਣਾ ਦੇ ਦੱਖਣੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਵੱਲੋਂ ਇੱਕ ਟਰੱਕ ਡਰਾਈਵਰ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਾਮਲੇ ਦੇ ਤੂਲ ਫੜਨ ਤੋਂ ਬਾਅਦ ਪੀੜਤ ਟਰੱਕ ਡਰਾਈਵਰ ਨੇ ਵਿਧਾਇਕਾ ਖ਼ਿਲਾਫ਼ ਥਾਣਾ ਡਾਬਾ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਦੁਪਹਿਰ ਬਾਅਦ ਲੁਧਿਆਣਾ ਦੇ ਡਾਬਾ ਰੋਡ 'ਤੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸੜਕ 'ਤੇ ਇੱਕ ਟਰੱਕ ਜਾ ਰਿਹਾ ਸੀ, ਜਿਸ ਦੇ ਪਿੱਛੇ 'ਆਪ' ਵਿਧਾਇਕਾ ਦੀ ਗੱਡੀ ਆ ਰਹੀ ਸੀ। ਟਰੱਕ ਵੱਲੋਂ ਲਗਾਤਾਰ ਸਾਈਡ ਨਾ ਦਿੱਤੇ ਜਾਣ 'ਤੇ ਵਿਧਾਇਕਾ ਦੀ ਗੱਡੀ ਦੇ ਚਾਲਕ ਨੇ ਕਥਿਤ ਤੌਰ 'ਤੇ ਹਾਰਨ ਅਤੇ ਹੂਟਰ ਵਜਾਇਆ, ਪਰ ਇਸ ਦੇ ਬਾਵਜੂਦ ਟਰੱਕ ਚਾਲਕ ਨੇ ਰਸਤਾ ਨਹੀਂ ਛੱਡਿਆ। ਇਸ ਤੋਂ ਬਾਅਦ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਆਪਣੇ ਗਨਮੈਨ ਸਮੇਤ ਗੱਡੀ ਤੋਂ ਹੇਠਾਂ ਉਤਰੀ ਅਤੇ ਟਰੱਕ ਕੋਲ ਪਹੁੰਚੀ। ਦੋਸ਼ ਹੈ ਕਿ ਇਸ ਦੌਰਾਨ ਹੋਈ ਤਕਰਾਰ ਵਿੱਚ ਵਿਧਾਇਕਾ ਨੇ ਟਰੱਕ ਡਰਾਈਵਰ ਨੂੰ ਥੱਪੜ ਮਾਰ ਦਿੱਤਾ। ਦੂਜੇ ਪਾਸੇ, ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਉਸ ਨੂੰ ਪਿੱਛੇ ਵਿਧਾਇਕਾ ਦੀ ਗੱਡੀ ਹੋਣ ਬਾਰੇ ਪਤਾ ਨਹੀਂ ਲੱਗਿਆ ਸੀ। ਉਸ ਨੇ ਦੋਸ਼ ਲਗਾਇਆ ਕਿ ਗੱਡੀ ਤੋਂ ਉਤਰਦਿਆਂ ਹੀ ਵਿਧਾਇਕਾ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਬਦਸਲੂਕੀ ਕਰਦਿਆਂ ਥੱਪੜ ਮਾਰ ਦਿੱਤਾ। ਘਟਨਾ ਤੋਂ ਬਾਅਦ ਦੇਰ ਸ਼ਾਮ ਟਰੱਕ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਵਿਧਾਇਕਾ ਦੇ ਇਸ ਰਵੱਈਏ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਥਾਣਾ ਡਾਬਾ ਵਿੱਚ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਅਸਲ ਕਾਰਨਾਂ ਅਤੇ ਦੋਵਾਂ ਧਿਰਾਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Leave a Reply