ਅਸ਼ਲੀਲ ਗਰੁੱਪ ਚੈਟ ਮਾਮਲਾ: ਬ੍ਰਿਟਿਸ਼ ਕੋਲੰਬੀਆ ਵਿੱਚ RCMP ਅਧਿਕਾਰੀ ਬਰਖ਼ਾਸਤ
- ਵਿਦੇਸ਼
- (Asia/Kolkata)
ਬ੍ਰਿਟਿਸ਼ ਕੋਲੰਬੀਆ ਵਿੱਚ ਰੋਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਦੇ ਇੱਕ ਅਧਿਕਾਰੀ ਨੂੰ ਪੁਲਿਸ ਗਰੁੱਪ ਚੈਟਾਂ ਅਤੇ ਮੋਬਾਇਲ ਕੰਪਿਊਟਰ ਟਰਮੀਨਲਾਂ ’ਤੇ ਅਸ਼ਲੀਲ, ਨਸਲੀ ਅਤੇ ਲਿੰਗ ਭੇਦਭਾਵ ਵਾਲੀਆਂ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। RCMP ਦੀ ਕੰਡਕਟ ਐਡਜੂਡੀਕੇਟਰ ਲੂਈਜ਼ ਮੋਰਲ ਨੇ ਦੱਸਿਆ ਕਿ ਕੋਕੁਇਟਲਮ ਵਿੱਚ ਤਾਇਨਾਤ ਕਾਂਸਟੇਬਲ ਮਰਸਾਦ ਮੇਸਬਾਹ ਦਾ ਵਰਤਾਅ ਪੁਲਿਸ ਸੇਵਾ ਦੀ ਸ਼ਾਖ ਅਤੇ ਭਰੋਸੇ ਨੂੰ ਗੰਭੀਰ ਨੁਕਸਾਨ ਪਹੁੰਚਾਉਣ ਵਾਲਾ ਸੀ। ਉਨ੍ਹਾਂ ਕਿਹਾ ਕਿ ਅਧਿਕਾਰੀ ਨੇ ਆਪਣੀਆਂ ਕਰਤੂਤਾਂ ਰਾਹੀਂ ਪੁਲਿਸ ਅਫਸਰ ਦੇ ਮੂਲ ਫਰਜ਼ਾਂ ਅਤੇ ਆਚਰਨ ਮਿਆਰਾਂ ਨੂੰ ਨਜ਼ਰਅੰਦਾਜ਼ ਕੀਤਾ। ਇਹ ਮਾਮਲਾ ਸਾਲ 2021 ਵਿੱਚ ਉਸ ਸਮੇਂ ਸਾਹਮਣੇ ਆਇਆ ਜਦੋਂ ਇੱਕ ਸਹਿਕਰਮੀ ਵੱਲੋਂ ਪੁਲਿਸ ਗਰੁੱਪ ਚੈਟਾਂ ਵਿੱਚ ਨਸਲੀ, ਲਿੰਗ ਭੇਦਭਾਵ ਅਤੇ ਤੰਗ ਕਰਨ ਵਾਲੀਆਂ ਟਿੱਪਣੀਆਂ ਸਬੰਧੀ ਸਿ਼ਕਾਇਤ ਦਰਜ ਕਰਵਾਈ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਅਜਿਹੀਆਂ ਟਿੱਪਣੀਆਂ ਸਿਰਫ਼ ਗੈਰ-ਪੇਸ਼ਾਵਰ ਹੀ ਨਹੀਂ ਸਗੋਂ ਕਾਰਜਸਥਲ ਲਈ ਵੀ ਅਸਵੀਕਾਰਯੋਗ ਸਨ। ਕਾਂਸਟੇਬਲ ਮੇਸਬਾਹ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਸਨੂੰ ਆਪਣੇ ਵਿਹਾਰ ’ਤੇ ਗਹਿਰਾ ਅਫਸੋਸ ਹੈ। ਉਸਦਾ ਦਾਅਵਾ ਸੀ ਕਿ ਉਹ ਕੰਮ ਨਾਲ ਜੁੜੇ ਤਣਾਅ ਨੂੰ ਕੱਢਣ ਲਈ ਅਜਿਹੀਆਂ ਗੱਲਾਂ ਕਰਦਾ ਸੀ ਅਤੇ ਕਿਸੇ ਨੂੰ ਠੇਸ ਪਹੁੰਚਾਉਣ ਦੀ ਉਸਦੀ ਨੀਅਤ ਨਹੀਂ ਸੀ। ਹਾਲਾਂਕਿ, ਐਡਜੂਡੀਕੇਟਰ ਨੇ ਇਸ ਦਲੀਲ ਨੂੰ ਸਵੀਕਾਰ ਨਹੀਂ ਕੀਤਾ। ਇਸ ਮਾਮਲੇ ਵਿੱਚ ਕੁੱਲ ਤਿੰਨ ਅਧਿਕਾਰੀ ਸ਼ਾਮਿਲ ਸਨ। ਇੱਕ ਸਾਬਕਾ ਕਾਂਸਟੇਬਲ ਇਆਨ ਸੋਲਵਨ ਦਸੰਬਰ ਵਿੱਚ ਅਸਤੀਫਾ ਦੇ ਚੁੱਕਾ ਹੈ, ਜਦਕਿ ਕਾਂਸਟੇਬਲ ਫਿਲਿਪ ਡਿਕ ਖਿਲਾਫ਼ ਵਿਭਾਗੀ ਕਾਰਵਾਈ ਅਗਲੇ ਮਹੀਨੇ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ।
Leave a Reply