ਰੋਟਰੀ ਕਲੱਬ ਵੱਲੋਂ ਹੱਡੀਆਂ ਦੀ ਜਾਂਚ ਲਈ ਮੁਫ਼ਤ ਮੈਡੀਕਲ ਕੈਂਪ, 102 ਲੋਕਾਂ ਦੀ ਜਾਂਚ

ਰੋਟਰੀ ਕਲੱਬ ਵੱਲੋਂ ਹੱਡੀਆਂ ਦੀ ਜਾਂਚ ਲਈ ਮੁਫ਼ਤ ਮੈਡੀਕਲ ਕੈਂਪ, 102 ਲੋਕਾਂ ਦੀ ਜਾਂਚ

ਰੋਟਰੀ ਕਲੱਬ ਨੇ ਲਾਡਵਾ ਰੋਡ ਸਥਿਤ ਸਿਧਾਰਥ ਹਸਪਤਾਲ ਵਿੱਚ ਹੱਡੀਆਂ ਦਾ ਜਾਂਚ ਕੈਂਪ ਲਾਇਆ। ਪ੍ਰਾਜੈਕਟ ਚੇਅਰਮੈਨ ਰੋਟੈਰੀਅਨ ਡਾ. ਦੀਪਕ ਸ਼ਰਮਾ ਦੀ ਅਗਵਾਈ ਹੇਠ ਲਾਏ ਕੈਂਪ ਵਿਚ 102 ਜਣਿਆਂ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਲੋਕਾਂ ਦੇ ਮੁਫ਼ਤ ਵਿੱਚ ਟੈਸਟ ਕੀਤੇ ਗਏ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਇਸ ਮੌਕੇ ਰੋਟਰੀ ਪ੍ਰਧਾਨ ਡਾ. ਆਰ ਐੱਸ ਘੁੰਮਣ ਨੇ ਕਿਹਾ ਕਿ ਰੋਟਰੀ ਕਲੱਬ ਹਮੇਸ਼ਾ ਸਮਾਜ ਦੇ ਹਰ ਵਰਗ ਨੂੰ ਬਿਹਤਰ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਵਚਨਬੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਹਮੇਸ਼ਾ ਸ਼ੁਰੂਆਤੀ ਪੜਾਵਾਂ ਵਿਚ ਹੱਡੀਆਂ ਦੀਆਂ ਕਮਜ਼ੋਰੀਆਂ ਪਛਾਨਣ ਵਿਚ ਅਵੇਸਲੇ ਰਹਿੰਦੇ ਹਨ ਤੇ ਸਮੇਂ ਸਿਰ ਇਲਾਜ ਨਹੀਂ ਕਰਵਾ ਸਕਦੇ। ਇਸ ਲਈ ਇਸ ਤਰ੍ਹਾਂ ਦੇ ਕੈਂਪ ਜਾਗਰੂਕਤਾ ਪੈਦਾ ਕਰਨ ’ਤੇ ਸਮੇਂ ਸਿਰ ਇਲਾਜ ਲਈ ਸਹਾਈ ਹੁੰਦੇ ਹਨ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਕਲੱਬ ਵਲੋਂ ਮਨੁੱਖਤਾ ਦੀ ਭਲਾਈ ਲਈ ਸੇਵਾ ਕਾਰਜ ਭਵਿੱਖ ਵਿਚ ਵੀ ਜਾਰੀ ਰਹਿਣਗੇ। ਤਕਨੀਕੀ ਜਾਣਕਾਰੀ ਦਿੰਦੇ ਹੋਏ ਪ੍ਰਾਜੈਕਟ ਚੇਅਰਮੈਨ ਡਾ. ਦੀਪਕ ਸ਼ਰਮਾ ਨੇ ਦੱਸਿਆ ਕਿ ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਤੇ ਖਾਣ ਪੀਣ ਦੀਆਂ ਆਦਤਾਂ ਵਿਚ ਬਦਲਾਅ ਕਾਰਨ ਹੱਡੀਆਂ ਨਾਲ ਸਬੰਧਤ ਸਮੱਸਿਆਵਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ 102 ਲੋਕਾਂ ਦੀ ਸਫਲਤਾ ਪੂਰਵਕ ਜਾਂਚ ਕਰਨਾ ਤੇ ਉਨ੍ਹਾਂ ਨੂੰ ਮੁਫਤ ਇਲਾਜ ਮੁਹੱਈਆ ਕਰਵਾਉਣਾ ਕਲੱਬ ਲਈ ਮਾਣ ਦੀ ਗੱਲ ਹੈ। ਡਾ. ਸ਼ਰਮਾ ਨੇ ਮਰੀਜ਼ਾ ਨੂੰ ਬਿਹਤਰ ਜੀਵਨ ਸ਼ੈਲੀ ਤੇ ਚੰਗੀ ਖੁਰਾਕ ਦੀ ਸਲਾਹ ਦਿੱਤੀ। ਉਨ੍ਹਾਂ ਨੇ ਇਸ ਮਿਸ਼ਨ ਨੂੰ ਸਫਲ ਬਣਾਉਣ ਲਈ ਪੂਰੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਰੋਟਰੀ ਕਲੱਬ ਦੇ ਸਹਾਇਕ ਗਵਰਨਰ ਡਾ. ਐੱਸ ਐੱਸ ਅਹੂਜਾ, ਸਕੱਤਰ ਵਿਕਰਮ ਗੁਪਤਾ ਅਤੇ ਕਲੱਬ ਦੇ ਹੋਰ ਸੀਨੀਅਰ ਮੈਂਬਰ ਮੌਜੂਦ ਸਨ।