ਸਾਈ ਸੁਦਰਸ਼ਨ ਤੇ ਵਾਸ਼ਿੰਗਟਨ ਸੁੰਦਰ ਦੀਆਂ ਅਰਧ ਸੈਂਕੜੀਆਂ, ਗੁਜਰਾਤ ਬਣਿਆ ਟੇਬਲ-ਟੌਪਰ

ਸਾਈ ਸੁਦਰਸ਼ਨ ਤੇ ਵਾਸ਼ਿੰਗਟਨ ਸੁੰਦਰ ਦੀਆਂ ਅਰਧ ਸੈਂਕੜੀਆਂ, ਗੁਜਰਾਤ ਬਣਿਆ ਟੇਬਲ-ਟੌਪਰ

IPL 2026 ਵਿੱਚ ਗੁਜਰਾਤ ਟਾਈਟਨਜ਼ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਹੈ। ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 82 ਦੌੜਾਂ ਨਾਲ ਹਰਾਕੇ ਅੰਕ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ। ਇਸ ਜਿੱਤ ਨਾਲ ਗੁਜਰਾਤ ਦੇ ਹੁਣ 16 ਅੰਕ ਹੋ ਗਏ ਹਨ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਟਾਈਟਨਜ਼ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 168 ਦੌੜਾਂ ਬਣਾਈਆਂ। ਟੀਮ ਵੱਲੋਂ ਸਾਈ ਸੁਦਰਸ਼ਨ ਨੇ ਸਭ ਤੋਂ ਵੱਧ 61 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੇ 33 ਗੇਂਦਾਂ ‘ਤੇ 50 ਦੌੜਾਂ ਬਣਾਕੇ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਹੈਦਰਾਬਾਦ ਦੀ ਗੇਂਦਬਾਜ਼ੀ ਵਿੱਚ ਪ੍ਰਫੁੱਲ ਹਿੰਗੇ ਅਤੇ ਸਾਕਿਬ ਹੁਸੈਨ ਨੇ 2-2 ਵਿਕਟਾਂ ਆਪਣੇ ਨਾਮ ਕੀਤੀਆਂ, ਜਦਕਿ ਕਪਤਾਨ ਪੈਟ ਕਮਿੰਸ ਨੇ ਇੱਕ ਵਿਕਟ ਹਾਸਲ ਕੀਤੀ। 169 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਗੁਜਰਾਤ ਦੀ ਘਾਤਕ ਗੇਂਦਬਾਜ਼ੀ ਅੱਗੇ ਟਿਕ ਨਾ ਸਕੀ ਅਤੇ 14.5 ਓਵਰਾਂ ਵਿੱਚ ਸਿਰਫ਼ 86 ਦੌੜਾਂ ‘ਤੇ ਆਲ ਆਊਟ ਹੋ ਗਈ। ਟੀਮ ਵੱਲੋਂ ਸਭ ਤੋਂ ਵੱਧ 19 ਦੌੜਾਂ ਕਪਤਾਨ ਪੈਟ ਕਮਿੰਸ ਨੇ ਬਣਾਈਆਂ। ਗੁਜਰਾਤ ਲਈ ਕਾਗਿਸੋ ਰਬਾਡਾ ਅਤੇ ਜੇਸਨ ਹੋਲਡਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3-3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਪ੍ਰਸਿਧ ਕ੍ਰਿਸ਼ਨਾ ਨੇ ਵੀ 2 ਵਿਕਟਾਂ ਆਪਣੇ ਨਾਮ ਕੀਤੀਆਂ। ਇਸ ਜਿੱਤ ਨਾਲ ਗੁਜਰਾਤ ਟਾਈਟਨਜ਼ ਨੇ ਅੰਕ ਸੂਚੀ ਵਿੱਚ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਟੀਮ ਨੇ ਹੁਣ ਤੱਕ 12 ਮੈਚਾਂ ਵਿੱਚੋਂ 8 ਮੈਚ ਜਿੱਤੇ ਹਨ ਅਤੇ ਉਸਦੇ 16 ਅੰਕ ਹੋ ਗਏ ਹਨ। ਦੂਜੇ ਪਾਸੇ, ਸਨਰਾਈਜ਼ਰਜ਼ ਹੈਦਰਾਬਾਦ 14 ਅੰਕਾਂ ਨਾਲ ਤੀਜੇ ਸਥਾਨ ‘ਤੇ ਕਾਇਮ ਹੈ।