ਐਡਮਿੰਟਨ ਨੇੜੇ ਲੇਡੁਕ ‘ਚ ਫਾਇਰਿੰਗ, ਪੰਜਾਬੀ ਵਿਦਿਆਰਥੀ ਦੀ ਮੌਤ

ਐਡਮਿੰਟਨ ਨੇੜੇ ਲੇਡੁਕ ‘ਚ ਫਾਇਰਿੰਗ, ਪੰਜਾਬੀ ਵਿਦਿਆਰਥੀ ਦੀ ਮੌਤ

ਕੈਨੇਡਾ ਵਿੱਚ ਰਹਿੰਦੇ ਪੰਜਾਬੀ ਮੂਲ ਦੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਪੁਸ਼ਟੀ ਮ੍ਰਿਤਕ ਦੇ ਭਰਾ ਪੁਨਰ ਸਿੰਘ ਵੱਲੋਂ ਕੀਤੀ ਗਈ ਹੈ। ਇਹ ਵਾਰਦਾਤ 14 ਮਾਰਚ ਦੀ ਦੁਪਹਿਰ ਐਡਮਿੰਟਨ ਸ਼ਹਿਰ ਦੇ ਨੇੜੇ ਲੇਡੁਕ ਖੇਤਰ ਵਿੱਚ ਵਾਪਰੀ। ਜਾਣਕਾਰੀ ਮੁਤਾਬਕ, ਅਣਪਛਾਤੇ ਹਮਲਾਵਰਾਂ ਨੇ ਹਾਈਵੇ 2 ‘ਤੇ ਇੱਕ ਕਾਰ ਨੂੰ ਘੇਰ ਲਿਆ ਅਤੇ ਉਸ ਵਿੱਚ ਸਵਾਰ ਨੌਜਵਾਨ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਦੌਰਾਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬੀਰਇੰਦਰ ਸਿੰਘ ਵਜੋਂ ਹੋਈ ਹੈ, ਜੋ ਪੰਜਾਬ ਦਾ ਰਹਿਣ ਵਾਲਾ ਸੀ ਅਤੇ ਸਟੱਡੀ ਵੀਜ਼ਾ ‘ਤੇ ਕੈਨੇਡਾ ਗਿਆ ਹੋਇਆ ਸੀ। ਪੁਲਿਸ ਦੇ ਅਨੁਸਾਰ, ਉਸ ਨੇ ਓਨਟਾਰੀਓ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹਾਲ ਹੀ ਵਿੱਚ ਅਲਬਰਟਾ ਸੂਬੇ ਵਿੱਚ ਕਨਸਟਰਕਸ਼ਨ ਸੈਕਟਰ ਵਿੱਚ ਕੰਮ ਸ਼ੁਰੂ ਕੀਤਾ ਸੀ। ਘਟਨਾ ਸਮੇਂ ਬੀਰਇੰਦਰ ਸਿੰਘ ਆਪਣੇ ਕੁਝ ਦੋਸਤਾਂ ਨਾਲ ਲੰਬੀ ਡਰਾਈਵ ‘ਤੇ ਗਿਆ ਹੋਇਆ ਸੀ। ਰਿਪੋਰਟਾਂ ਅਨੁਸਾਰ, ਉਸ ਦੀ ਕਾਰ ਵਿੱਚ ਇੱਕ ਹੋਰ ਵਿਅਕਤੀ ਵੀ ਮੌਜੂਦ ਸੀ, ਹਾਲਾਂਕਿ ਪੁਲਿਸ ਨੇ ਅਜੇ ਤੱਕ ਉਸ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ। ਚਸ਼ਮਦੀਦਾਂ ਅਤੇ ਮੁੱਢਲੀ ਜਾਂਚ ਦੇ ਆਧਾਰ ‘ਤੇ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਇੱਕ ਚਿੱਟੇ ਜਾਂ ਸਲੇਟੀ ਰੰਗ ਦੇ ਪਿਕਅੱਪ ਟਰੱਕ ਵਿੱਚ ਸਵਾਰ ਸਨ। ਉਨ੍ਹਾਂ ਨੇ ਬੀਰਇੰਦਰ ਸਿੰਘ ਦੀ ਕਾਰ ਨੂੰ ਰੋਕ ਕੇ ਗੋਲੀਆਂ ਚਲਾਈਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਮਲਾਵਰ ਪਹਿਲਾਂ ਤੋਂ ਬੀਰਇੰਦਰ ਸਿੰਘ ਨੂੰ ਜਾਣਦੇ ਸਨ ਜਾਂ ਇਹ ਕੋਈ ਅਲੱਗ ਅਪਰਾਧ ਸੀ। ਹੱਤਿਆ ਦੇ ਮਕਸਦ ਬਾਰੇ ਹਾਲੇ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਅਤੇ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।