ਐੱਸ ਆਈ ਆਰ ਮੁੱਦੇ ’ਤੇ ਲੋਕ ਸਭਾ ਤੇ ਰਾਜ ਸਭਾ ’ਚ ਹੰਗਾਮਾ

ਐੱਸ ਆਈ ਆਰ ਮੁੱਦੇ ’ਤੇ ਲੋਕ ਸਭਾ ਤੇ ਰਾਜ ਸਭਾ ’ਚ ਹੰਗਾਮਾ

ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ (ਐੱਸ ਆਈ ਆਰ) ਦੇ ਮੁੱਦੇ ’ਤੇ ਬਹਿਸ ਦੀ ਮੰਗ ਨੂੰ ਲੈ ਕੇ ਅੱਜ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਹੀ ਹੰਗਾਮਾ ਦੇਖਣ ਨੂੰ ਮਿਲਿਆ। ਲੋਕ ਸਭਾ ’ਚ ਵਾਰ ਵਾਰ ਸਦਨ ਦੀ ਕਾਰਵਾਈ ਮੁਅੱਤਲ ਹੁੰਦੀ ਰਹੀ ਜਦਕਿ ਰਾਜ ਸਭਾ ’ਚ ਵਿਰੋਧੀ ਧਿਰ ਨੇ ਵਾਕਆਊਟ ਕੀਤਾ। ਵਿਰੋਧੀ ਧਿਰਾਂ ਦੇ ਮੈਂਬਰ ਸਦਨ ਦੇ ਐਨ ਵਿਚਕਾਰ ਆ ਕੇ ਨਾਅਰੇਬਾਜ਼ੀ ਕਰਨ ਲੱਗ ਪਏ ਜਿਸ ’ਤੇ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਲੋਕ ਸਭਾ ਦੀ ਮਰਿਆਦਾ ਨੂੰ ਢਾਹ ਲਾਉਣ ਖ਼ਿਲਾਫ਼ ਚਿਤਾਵਨੀ ਦਿੱਤੀ। ਉਂਜ ਸਰਕਾਰ ਨੇ ਕਿਹਾ ਕਿ ਉਹ ਚਰਚਾ ਲਈ ਤਿਆਰ ਹੈ ਪਰ ਇਸ ਲਈ ਹਾਲੇ ਸਮਾਂ ਤੈਅ ਨਹੀਂ ਕੀਤਾ ਜਾ ਸਕਦਾ ਹੈ।
 

ਲੋਕ ਸਭਾ ’ਚ ਬਹਿਸ ਕਰਾਉਣ ਦੀ ਮੰਗ ਕਰਦਿਆਂ ਵਿਰੋਧੀ ਧਿਰਾਂ ਨੇ ਜ਼ੋਰਦਾਰ ਹੰਗਾਮਾ ਕੀਤਾ। ਸੰਸਦ ਦੇ ਸਰਦ ਰੁੱਤ ਇਜਲਾਸ ਦੀ ਅੱਜ ਗਰਮਾ-ਗਰਮ ਸ਼ੁਰੂਆਤ ਹੋਈ, ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। ਹੰਗਾਮੇ ਦੌਰਾਨ ਹੀ ਸੰਖੇਪ ਚਰਚਾ ਮਗਰੋਂ ਮਨੀਪੁਰ ’ਚ ਜੀ ਐੱਸ ਟੀ ਕਾਨੂੰਨ ’ਚ ਸੋਧ ਬਾਰੇ ਬਿੱਲ ਪਾਸ ਕਰ ਦਿੱਤਾ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਰਡੀਨੈਂਸ ਦੀ ਥਾਂ ’ਤੇ ਬਿੱਲ ਪੇਸ਼ ਕੀਤਾ ਸੀ। ਮਨੀਪੁਰ ’ਚ ਰਾਸ਼ਟਰਪਤੀ ਰਾਜ ਲਾਗੂ ਹੋਣ ਕਰ ਕੇ ਸੰਸਦ ਬਿੱਲ ਪਾਸ ਕਰਨ ਲਈ ਆਪਣੀਆਂ ਤਾਕਤਾਂ ਦੀ ਵਰਤੋਂ ਕਰ ਰਹੀ ਹੈ। ਪਹਿਲਾਂ ਸਵੇਰੇ ਪ੍ਰਸ਼ਨਕਾਲ ਅਤੇ ਫਿਰ ਦੁਪਹਿਰ ਸਮੇਂ ਲੋਕ ਸਭਾ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ, ਜਦੋਂ ਸਦਨ ਦੁਪਹਿਰ ਬਾਅਦ ਮੁੜ ਜੁੜਿਆ ਤਾਂ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤੇ ਜਾਣ ’ਤੇ ਬਾਅਦ ਦੁਪਹਿਰ ਕਰੀਬ 2.20 ਵਜੇ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। ਸਿਫ਼ਰ ਕਾਲ ਦੇ 12 ਮਿੰਟਾਂ ਦੌਰਾਨ ਸੀਤਾਰਮਨ ਨੇ ਤਿੰਨ ਬਿੱਲ ਪੇਸ਼ ਕੀਤੇ ਜਿਨ੍ਹਾਂ ’ਚ 2025-26 ਲਈ ਗਰਾਂਟਾਂ ਵਾਸਤੇ ਪੂਰਕ ਮੰਗਾਂ ਵੀ ਸ਼ਾਮਲ ਹਨ। ਤੰਬਾਕੂ ਤੇ ਤੰਬਾਕੂ ਉਤਪਾਦਾਂ ’ਤੇ ਐਕਸਾਈਜ਼ ਡਿਊਟੀ ਅਤੇ ਪਾਨ ਮਸਾਲਾ ਬਣਾਉਣ ’ਤੇ ਨਵਾਂ ਸੈੱਸ ਲਗਾਉਣ ਸਬੰਧੀ ਦੋ ਬਿੱਲ ਸੈਂਟਰਲ ਐਕਸਾਈਜ਼ (ਸੋਧ) ਬਿੱਲ 2025 ਅਤੇ ਸਿਹਤ ਸੁਰੱਖਿਆ ਤੇ ਕੌਮੀ ਸੁਰੱਖਿਆ ਸੈੱਸ ਬਿੱਲ 2025 ਪੇਸ਼ ਕੀਤੇ।