ਐਨਕਾਊਂਟਰ ਕੇਸ ਵਿੱਚ ਨਵਾਂ ਮੋੜ, ਸੀਸੀਟੀਵੀ ਅਤੇ ਕਾਲ ਡਿਟੇਲ ਸੰਭਾਲਣ ਲਈ ਅਦਾਲਤੀ ਆਦੇਸ਼

ਐਨਕਾਊਂਟਰ ਕੇਸ ਵਿੱਚ ਨਵਾਂ ਮੋੜ, ਸੀਸੀਟੀਵੀ ਅਤੇ ਕਾਲ ਡਿਟੇਲ ਸੰਭਾਲਣ ਲਈ ਅਦਾਲਤੀ ਆਦੇਸ਼

ਰਣਜੀਤ ਸਿੰਘ ਪੁਲੀਸ ਮੁਕਾਬਲਾ ਮਾਮਲੇ ਵਿੱਚ ਅੱਜ ਉਸ ਵੇਲੇ ਮਹੱਤਵਪੂਰਨ ਮੋੜ ਆ ਗਿਆ ਜਦੋਂ ਅਦਾਲਤ ਨੇ ਪੁਲੀਸ ਅਧਿਕਾਰੀਆਂ ਦੇ ਕਾਲ ਵੇਰਵੇ ਅਤੇ ਜੀਪੀਐਸ ਡਾਟਾ ਸੁਰੱਖਿਅਤ ਰੱਖਣ ਦੇ ਹੁਕਮ ਜਾਰੀ ਕੀਤੇ। ਇਹ ਹੁਕਮ ਰਣਜੀਤ ਸਿੰਘ ਦੀ ਮਾਤਾ ਸੁਖਜਿੰਦਰ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਦਿੱਤੇ ਗਏ ਹਨ। ਮਾਮਲੇ ਦੀ ਪੈਰਵੀ ਕਰ ਰਹੇ ਵਕੀਲਾਂ ਐਡਵੋਕੇਟ ਅਜੈ ਮਰਵਾਹਾ, ਐਡਵੋਕੇਟ ਰਵੀਦੀਪ ਬਡਿਆਲ ਅਤੇ ਐਡਵੋਕੇਟ ਭਜਨਪ੍ਰੀਤ ਸਿੰਘ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਅਰਜ਼ੀ ਦੇ ਮੱਦੇਨਜ਼ਰ ਅਦਾਲਤ ਨੇ ਹੁਕਮ ਦਿੱਤਾ ਕਿ ਐੱਸਐੱਸਪੀ ਗੁਰਦਾਸਪੁਰ, ਥਾਣਾ ਮੁਖੀ ਦੋਰਾਂਗਲਾ, ਥਾਣਾ ਮੁਖੀ ਪੁਰਾਣਾ ਸ਼ਾਲਾ, ਸੀ ਆਈ ਏ ਮੁਖੀ ਗੁਰਮੀਤ ਸਿੰਘ ਸਮੇਤ ਮੁਕਾਬਲੇ ਵਿੱਚ ਸ਼ਾਮਲ ਸਾਰੇ ਪੁਲੀਸ ਕਰਮਚਾਰੀ ਆਪਣੇ ਫੋਨ ਨੰਬਰਾਂ ਦੀ ਜਾਣਕਾਰੀ ਜਾਂਚ ਅਧਿਕਾਰੀ ਅਤੇ ਸਬੰਧਤ ਟੈਲੀਕਾਮ ਕੰਪਨੀ ਨੂੰ ਮੁਹੱਈਆ ਕਰਵਾਉਣ। ਅਦਾਲਤ ਨੇ ਟੈਲੀਕਾਮ ਕੰਪਨੀਆਂ ਨੂੰ 20 ਤੋਂ 28 ਫਰਵਰੀ 2026 ਤੱਕ ਦੇ ਕਾਲ ਵੇਰਵੇ ਅਤੇ ਸਾਰੇ ਸਬੰਧਤ ਅਧਿਕਾਰੀਆਂ ਦੇ ਜੀਪੀਐਸ ਸਥਾਨ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਵੀ ਕਿਹਾ ਹੈ। ਇਸ ਦੇ ਨਾਲ ਹੀ ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ, ਜੇ ਮੌਜੂਦ ਹੋਵੇ, ਨੂੰ ਵੀ ਸੰਭਾਲ ਕੇ ਜਾਂਚ ਦਾ ਹਿੱਸਾ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਅਦਾਲਤ ਨੇ ਰਣਜੀਤ ਸਿੰਘ ਦੇ ਕਾਲ ਵੇਰਵੇ ਅਤੇ ਉਸ ਦੀ ਸਥਿਤੀ ਨਾਲ ਸਬੰਧਤ ਡਾਟਾ ਨੂੰ ਵੀ ਸੁਰੱਖਿਅਤ ਕਰਨ ਲਈ ਆਦੇਸ਼ ਦਿੱਤੇ ਹਨ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਸੀ ਆਈ ਏ ਇੰਚਾਰਜ ਗੁਰਮੀਤ ਸਿੰਘ, ਜਿਸ ਦੇ ਮੁਕਾਬਲੇ ਦੌਰਾਨ ਜ਼ਖ਼ਮੀ ਹੋਣ ਦੀ ਗੱਲ ਕਹੀ ਗਈ ਹੈ, ਦੇ ਮੈਡੀਕਲ ਰਿਕਾਰਡ ਦੀ ਜਾਂਚ ਲਈ ਐੱਸਐੱਮਓ ਗੁਰਦਾਸਪੁਰ ਤਿੰਨ ਮੈਂਬਰੀ ਡਾਕਟਰੀ ਬੋਰਡ ਬਣਾਇਆ ਜਾਵੇ। ਇਹ ਬੋਰਡ ਉਸ ਦੇ ਜ਼ਖਮਾਂ ਬਾਰੇ ਵਿਸਥਾਰਤ ਰਿਪੋਰਟ ਤਿਆਰ ਕਰਕੇ ਇਲਾਕਾ ਮੈਜਿਸਟ੍ਰੇਟ ਨੂੰ ਪੇਸ਼ ਕਰੇਗਾ ਅਤੇ ਇਹ ਵੀ ਸਪਸ਼ਟ ਕਰੇਗਾ ਕਿ ਉਸ ਦੀ ਬਾਂਹ ’ਤੇ ਗੋਲੀ ਆਪ ਲੱਗੀ ਸੀ ਜਾਂ ਮਾਰੀ ਗਈ ਸੀ। ਇਸ ਮਾਮਲੇ ਨਾਲ ਜੁੜੀ ਹੋਰ ਵਿਕਾਸ ਵਿੱਚ, ਆਦੀਆਂ ਚੈਕ ਪੋਸਟ ’ਤੇ ਪੁਲੀਸ ਮੁਲਾਜ਼ਮਾਂ ਦੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਇੰਦਰਜੀਤ ਸਿੰਘ ਦੀਆਂ ਦੋ ਭੈਣਾਂ ਅਤੇ ਭਰਜਾਈ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ। ਸਿਮਰਨਜੀਤ ਕੌਰ, ਸੁਖਵਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੂੰ ਪਹਿਲਾਂ ਇੰਦਰਜੀਤ ਸਿੰਘ ਨੂੰ ਪਨਾਹ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਜੇਲ੍ਹ ਭੇਜਿਆ ਗਿਆ ਸੀ। ਸੰਘਰਸ਼ ਕਮੇਟੀ ਅਤੇ ਸਥਾਨਕ ਲੋਕਾਂ ਦੇ ਦਬਾਅ ਤੋਂ ਬਾਅਦ ਅਦਾਲਤ ਨੇ ਅੱਜ ਉਨ੍ਹਾਂ ਦੀ ਰਿਹਾਈ ਦੇ ਹੁਕਮ ਜਾਰੀ ਕੀਤੇ, ਜਿਸ ਮਗਰੋਂ ਉਹ ਆਪਣੇ ਘਰ ਵਾਪਸ ਪਹੁੰਚ ਗਈਆਂ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਰਣਜੀਤ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਬਣਾਈ ਗਈ ਐਕਸ਼ਨ ਕਮੇਟੀ ਅਗਲੇ ਪੰਜ ਦਿਨਾਂ ਵਿੱਚ ਮੀਟਿੰਗ ਕਰਕੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰੇਗੀ।