Daily Suraj

ਪੰਜਾਬੀ

ਆਸਟਰੇਲੀਆ ਵਿੱਚ ਡਿਲਿਵਰੀ ਕਾਮਿਆਂ ਲਈ ਨਵੇਂ ਘੱਟੋ-ਘੱਟ ਉਜਰਤ ਮਿਆਰ ਲਾਗੂ

12 Aug, 2026 11:16 AM

ਆਸਟਰੇਲੀਆ ਵਿੱਚ ਖਾਣ-ਪੀਣ ਦੀਆਂ ਵਸਤਾਂ ਅਤੇ ਕਰਿਆਨੇ ਦੀ ਡਿਲਿਵਰੀ ਕਰਨ ਵਾਲੇ ਹਜ਼ਾਰਾਂ ਕਾਮਿਆਂ ਲਈ 17 ਅਗਸਤ 2026 ਤੋਂ ਨਵੇਂ ਘੱਟੋ-ਘੱਟ ਉਜਰਤ ਮਿਆਰ ਲਾਗੂ ਹੋਣ ਜਾ ਰਹੇ ਹਨ। ਫੇਅਰ ਵਰਕ ਕਮਿਸ਼ਨ ਵੱਲੋਂ ਵਾਹਨ ਦੀ ਕਿਸਮ ਦੇ ਆਧਾਰ ’ਤੇ ਡਿਲਿਵਰੀ ਕਾਮਿਆਂ ਲਈ ਘੱਟੋ-ਘੱਟ ਘੰਟਾਵਾਰ ਦਰਾਂ ਤੈਅ ਕੀਤੀਆਂ ਗਈਆਂ ਹਨ। ਨਵੇਂ ਨਿਯਮਾਂ ਤਹਿਤ ਸਾਈਕਲ ਜਾਂ ਈ-ਬਾਈਕ ਰਾਹੀਂ ਡਿਲਿਵਰੀ ਕਰਨ ਵਾਲਿਆਂ ਲਈ ਘੱਟੋ-ਘੱਟ 31.30 ਆਸਟਰੇਲੀਅਨ ਡਾਲਰ ਪ੍ਰਤੀ ਘੰਟਾ, ਮੋਟਰਸਾਈਕਲ ਵਾਲਿਆਂ ਲਈ 31.50 ਡਾਲਰ ਪ੍ਰਤੀ ਘੰਟਾ ਅਤੇ ਕਾਰ ਰਾਹੀਂ ਡਿਲਿਵਰੀ ਕਰਨ ਵਾਲਿਆਂ ਲਈ 32 ਡਾਲਰ ਪ੍ਰਤੀ ਘੰਟਾ ਦੀ ਦਰ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਇਲਾਵਾ, ਡਿਲਿਵਰੀ ਦੌਰਾਨ ਉਡੀਕ ਕਰਨ ਦਾ ਸਮਾਂ ਵੀ ਭੁਗਤਾਨ ਵਿੱਚ ਸ਼ਾਮਲ ਕੀਤਾ ਜਾਵੇਗਾ। ਜਨਵਰੀ 2027 ਤੋਂ ਦਰਾਂ ਵਿੱਚ ਹੋਰ ਵਾਧਾ ਜਾਣਕਾਰੀ ਅਨੁਸਾਰ 1 ਜਨਵਰੀ 2027 ਤੋਂ ਇਨ੍ਹਾਂ ਦਰਾਂ ਵਿੱਚ ਹੋਰ 50 ਸੈਂਟ ਪ੍ਰਤੀ ਘੰਟਾ ਦਾ ਵਾਧਾ ਕੀਤਾ ਜਾਵੇਗਾ। ਇਸ ਫੈਸਲੇ ਨੂੰ ਫੂਡ ਡਿਲਿਵਰੀ ਉਦਯੋਗ ਨਾਲ ਜੁੜੇ ਕਾਮਿਆਂ ਲਈ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਖੇਤਰ ਵਿੱਚ ਵਿਦੇਸ਼ਾਂ ਤੋਂ ਆਏ ਭਾਰਤੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਵੀ ਕੰਮ ਕਰਦੀ ਹੈ। ਨਵੀਂ ਵਿਵਸਥਾ ਨਾਲ ਉਨ੍ਹਾਂ ਸਮੇਤ ਡਿਲਿਵਰੀ ਉਦਯੋਗ ਨਾਲ ਜੁੜੇ ਹੋਰ ਕਾਮਿਆਂ ਨੂੰ ਆਮਦਨ ਵਿੱਚ ਵਧੇਰੇ ਸਥਿਰਤਾ ਮਿਲਣ ਦੀ ਉਮੀਦ ਹੈ। ਡਿਜੀਟਲ ਪਲੇਟਫਾਰਮ ਰਾਹੀਂ ਕੰਮ ਕਰਨ ਵਾਲਿਆਂ ਦੀ ਵੱਡੀ ਗਿਣਤੀ ਆਸਟਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਅਨੁਸਾਰ 2024-25 ਦੌਰਾਨ 178,590 ਲੋਕਾਂ ਨੇ ਪਿਛਲੇ 12 ਮਹੀਨਿਆਂ ਵਿੱਚ ਡਿਜੀਟਲ ਪਲੇਟਫਾਰਮਾਂ ਰਾਹੀਂ ਕੰਮ ਕੀਤਾ। ਇਨ੍ਹਾਂ ਵਿੱਚ ਖਾਣੇ ਜਾਂ ਹੋਰ ਸਾਮਾਨ ਦੀ ਡਿਲਿਵਰੀ ਕਰਨ ਵਾਲੇ ਕਾਮੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਗਿਣਤੀ ਲਗਭਗ 90 ਹਜ਼ਾਰ ਦੱਸੀ ਗਈ ਹੈ। ਇਹ ਫੈਸਲਾ ਐਲਬਨੀਜ਼ ਸਰਕਾਰ ਵੱਲੋਂ 2023 ਵਿੱਚ ਕੀਤੇ ਗਏ ਕੰਮਕਾਜੀ ਸੁਧਾਰਾਂ ਤੋਂ ਬਾਅਦ ਸੰਭਵ ਹੋਇਆ ਹੈ। ਵਰਕਪਲੇਸ ਰਿਲੇਸ਼ਨਜ਼ ਮੰਤਰੀ ਅਮਾਂਡਾ ਰਿਸ਼ਵਰਥ ਨੇ ਇਸ ਨੂੰ “ਮਹੱਤਵਪੂਰਨ ਮੀਲ ਪੱਥਰ” ਦੱਸਿਆ। ਉਨ੍ਹਾਂ ਕਿਹਾ ਕਿ ਡਿਲਿਵਰੀ ਕਾਮਿਆਂ ਨੂੰ ਹੁਣ ਲਚਕਦਾਰ ਕੰਮ ਅਤੇ ਬਿਹਤਰ ਸੁਰੱਖਿਆ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਦੀ ਲੋੜ ਨਹੀਂ ਹੋਵੇਗੀ। ਕਾਮਿਆਂ ਦੀ ਜਿੱਤ ਵਜੋਂ ਦੇਖਿਆ ਜਾ ਰਿਹਾ ਫੈਸਲਾ ਨਵੀਆਂ ਘੱਟੋ-ਘੱਟ ਦਰਾਂ ਦੇ ਫੈਸਲੇ ਨੂੰ ਕਾਮਿਆਂ ਦੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਟਰਾਂਸਪੋਰਟ ਵਰਕਰਜ਼ ਯੂਨੀਅਨ ਨੇ ਇਸ ਨੂੰ ਵਿਸ਼ਵ-ਪੱਧਰੀ ਸੁਰੱਖਿਆ ਵੱਲ ਕਦਮ ਕਰਾਰ ਦਿੱਤਾ ਹੈ। ਹਾਲਾਂਕਿ ਕੁਝ ਡਿਲਿਵਰੀ ਕਾਮਿਆਂ ਨੂੰ ਅਜੇ ਵੀ ਇਹ ਚਿੰਤਾ ਹੈ ਕਿ ਉਨ੍ਹਾਂ ਦੀ ਅਸਲ ਕਮਾਈ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਉਨ੍ਹਾਂ ਨੂੰ ਡਿਲਿਵਰੀ ਕੰਮ ਲਈ ਕਿੰਨਾ ਸਮਾਂ ਮਿਲਦਾ ਹੈ। ਇਸ ਦੇ ਬਾਵਜੂਦ ਨਵੀਂ ਵਿਵਸਥਾ ਤੋਂ ਕਾਮਿਆਂ ਦੀ ਆਮਦਨ ਵਿੱਚ ਵਧੇਰੇ ਸਥਿਰਤਾ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ।

Posted By: Daily Suraj Bureau

Latest News