ਬਾਬਾ ਬੁੱਲੇ ਸ਼ਾਹ ਦੀ ਮਜ਼ਾਰ ਨੂੰ ਤੋੜਨਾ ਬੇਹੱਦ ਘਿਣਾਉਣੀ ਕਾਰਵਾਈ - ਜਮਹੂਰੀ ਫਰੰਟ
- ਸੰਗਰੂਰ
- (Asia/Kolkata)
ਲੌਂਗੋਵਾਲ, (ਜਗਸੀਰ ਸਿੰਘ )- ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਕਨਵੀਨਰਾਂ ਡਾ. ਪਰਮਿੰਦਰ, ਪ੍ਰੋਫੈਸਰ ਏ.ਕੇ.ਮਲੇਰੀ, ਬੂਟਾ ਸਿੰਘ ਮਹਿਮੂਦਪੁਰ, ਯਸ਼ਪਾਲ ਅਤੇ ਸੂਬਾ ਕਮੇਟੀ ਮੈਂਬਰ ਬਲਬੀਰ ਲੌਂਗੋਵਾਲ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਹਿੰਦੂ ਧਰਮ ਦੇ ਆਪੇ ਬਣੇ ਰਖਵਾਲਿਆਂ ਵੱਲੋਂ ਉੱਤਰਾਖੰਡ ਦੇ ਮਸੂਰੀ ਵਿੱਚ ਬਾਬਾ ਬੁੱਲੇ ਸ਼ਾਹ ਦੀ 100 ਸਾਲ ਤੋਂ ਵੱਧ ਪੁਰਾਣੀ ਮਜ਼ਾਰ ਨੂੰ ਤੋੜਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸਿੱਧ ਪੰਜਾਬੀ ਸੂਫ਼ੀ ਬੁੱਲੇਸ਼ਾਹ ਦੀ ਮਾਨਵਤਾਵਾਦੀ ਸ਼ਾਇਰੀ ਅਤੇ ਸਾਂਝੀਵਾਲਤਾ ਦੇ ਨਜ਼ਰੀਏ ਤੋਂ ਦਾਰਸ਼ਨਿਕ ਯੋਗਦਾਨ ਦਾ ਪੰਜਾਬ ਦੀ ਮਜ਼੍ਹਬੀ ਕੱਟੜਵਾਦ ਨੂੰ ਸਵਾਲ ਕਰਨ ਵਾਲੀ, ਧਰਮਨਿਰਪੱਖ, ਭਾਈਚਾਰਕ ਸਾਂਝ ਵਾਲੀ ਪਰੰਪਰਾ ਵਿਚ ਉੱਘਾ ਸਥਾਨ ਹੈ। ਮਜ਼੍ਹਬੀ ਕੱਟੜਪੰਥ, ਜਾਤੀ ਭੇਦਭਾਵ ਅਤੇ ਅੰਧਵਿਸ਼ਵਾਸ ਨੂੰ ਜ਼ੋਰਦਾਰ ਚੁਣੌਤੀ ਦਿੰਦੀਆਂ ਉਨ੍ਹਾਂ ਦੀਆਂ ਮਕਬੂਲ ਕਾਫ਼ੀਆਂ ਇਨਸਾਨੀਅਤ ਨਾਲ ਗੂੜ੍ਹੀ ਮੁਹੱਬਤ, ਆਤਮ-ਗਿਆਨ ਰਾਹੀਂ ਆਪਣੀ ਸ਼ਖ਼ਸੀਅਤ ਨੂੰ ਰੁਸ਼ਨਾਉਣ ਅਤੇ ਮਜ਼੍ਹਬੀ ਨਫ਼ਰਤ ਤੋਂ ਉੱਪਰ ਉੱਠਕੇ ਆਪਣੀ ਅਕੀਦਤ ਨਾਲ ਜੁੜਨ ’ਤੇ ਜ਼ੋਰ ਦਿੰਦੀਆਂ ਹਨ। ਬੁੱਲ੍ਹੇਸ਼ਾਹ ਵੱਲੋਂ ਰਚਿਤ ਉੱਚ ਪਾਏ ਦੀਆਂ ਮਾਨਵਤਾਵਾਦੀ ਕਾਵਿ-ਰਚਨਾਵਾਂ ਦੀ ਖ਼ੁਸ਼ਬੂ ਪੰਜਾਬ ਦੀ ਮਿੱਟੀ ਦੇ ਕਣ-ਕਣ ਵਿਚ ਰਚੀ ਹੋਈ ਹੈ। ਆਪਣੀ ਇਸੇ ਮਾਨਵਤਾਵਾਦੀ ਖ਼ੂਬੀ ਕਾਰਨ ਇਹ ਮਜ਼੍ਹਬੀ ਕੱਟੜਪੰਥੀਆਂ ਨੂੰ ਹਜ਼ਮ ਨਹੀਂ ਹੁੰਦੀਆਂ ਅਤੇ ਉਹ 100 ਸਾਲ ਪਹਿਲਾਂ ਬਣੀ ਹੋਈ ਮਜ਼ਾਰ ਦੀ ਹੋਂਦ ਤੋਂ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ‘ਹਿੰਦੂ ਰੱਖਿਆ ਦਲ’ ਵਰਗੇ ਹਿੰਦੂ ਧਰਮ ਦੇ ਆਪੇ ਬਣੇ ਰਖਵਾਲਿਆਂ ਵੱਲੋਂ ਸਾਂਝੀ ਧਰਮਨਿਰਪੱਖ ਵਿਰਾਸਤ ਨੂੰ ਇਹ ਝੂਠ ਪ੍ਰਚਾਰਕੇ ਨਕਾਰਨਾ ਕਿ ਜਿਸਦੀ ਕਬਰ ਪਾਕਿਸਤਾਨ ਵਿਚ ਹੈ, ਉਸ ਦੀ ਮਜ਼ਾਰ ਇੱਥੇ ‘ਦੇਵਭੂਮੀ’ ਉੱਪਰ ਨਹੀਂ ਚੱਲੇਗੀ, ਦੱਸਦਾ ਹੈ ਫਿਰਕੂ ਤਾਕਤਾਂ ਲਈ ਮਹਾਨ ਦਾਰਸ਼ਨਿਕ ਬੁੱਲ੍ਹੇ ਸ਼ਾਹ ਸਿਰਫ਼ ਮੁਸਲਮਾਨ ਹੈ ਅਤੇ ਉਹ ਸਮੁੱਚੀ ਮਹਾਨ ਵਿਰਾਸਤ ਨੂੰ ਪਰਾਈ ਧਰਤੀ ਨਾਲ ਸੰਬੰਧਤ ਕਰਾਰ ਦੇ ਕੇ ਖ਼ਤਮ ਕਰਨਾ ਚਾਹੁੰਦੇ ਹਨ। ਅਗਾਊਂ ਐਲਾਨ ਕਰਕੇ ਫਿਰਕੂ ਗੁੰਡਿਆਂ ਵੱਲੋਂ ਮਜ਼ਾਰ ਨੂੰ ਤੋੜਨਾ, ਪੁਲਿਸ ਵੱਲੋਂ ਇਸਦਾ ਕੋਈ ਨੋਟਿਸ ਨਾ ਲੈਣਾ ਅਤੇ ਸਪਸ਼ਟ ਸ਼ਨਾਖ਼ਤ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਗਿ੍ਰਫ਼ਤਾਰ ਨਾ ਕਰਨ ਤੋਂ ਪੁਲਿਸ-ਪ੍ਰਸ਼ਾਸਨ ਦੀ ਮਿਲੀਭੁਗਤ ਸਪਸ਼ਟ ਹੈ। ਮਜ਼ਾਰ ਨੂੰ ਤੋੜੇ ਜਾਣ ਦਾ ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰਨ ਤੋਂ ਸਪਸ਼ਟ ਹੈ ਕਿ ਰਾਜ-ਮਸ਼ੀਨਰੀ ਦੇ ਫਿਰਕੂਕਰਨ ਅਤੇ ਅਜਿਹੀਆਂ ਮਾਨਵਤਾ ਵਿਰੋਧੀ ਵਾਰਦਾਤਾਂ ਨੂੰ ਰਾਜਕੀ ਤੇ ਰਾਜਨੀਤਕ ਸਰਪ੍ਰਸਤੀ ਕਾਰਨ ਅਜਿਹੇ ਅਨਸਰਾਂ ਦੇ ਹੌਸਲੇ ਕਿੰਨੇ ਵਧ ਚੁੱਕੇ ਹਨ। ਬੁੱਲ੍ਹੇ ਸ਼ਾਹ ਦੀ ਮਜ਼ਾਰ ਨੂੰ ਤੋੜਨ ਦੇ ਦੋਸ਼ੀ ਸਿਰਫ਼ ਫਿਰਕੂ ਹਜੂਮ ਨਹੀਂ। ਮੁੱਖ ਦੋਸ਼ੀ ਨਫ਼ਰਤੀ ਭਾਸ਼ਣਾਂ ਲਈ ਬਦਨਾਮ ਮੁੱਖ ਮੰਤਰੀ ਧਾਮੀ ਹੈ ਜਿਸਨੇ ਲਗਾਤਾਰ ਭੜਕਾਊ ਭਾਸ਼ਣ ਦੇ ਕੇ ਇਹ ਜ਼ਹਿਰੀਲਾ ਮਾਹੌਲ ਬਣਾਇਆ ਹੈ ਅਤੇ ਜਿਸਦੀ ਸਰਕਾਰ ਮੁਸਲਮਾਨ ਘੱਟਗਿਣਤੀ ਵਿਰੁੱਧ ਨਫ਼ਰਤ ਅਤੇ ਲਗਾਤਾਰ ਝੂਠੀ ਜਾਣਕਾਰੀ ਫੈਲਾ ਕੇ ਫਿਰਕੂ ਪਾਲਾਬੰਦੀ ਕਰ ਜਾ ਰਹੀ ਹੈ। ਫਰੰਟ ਨੇ ਆਗੂਆਂ ਨੇ ਸਮੂਹ ਧਰਮਨਿਰਪੱਖ, ਇਨਸਾਫ਼ਪਸੰਦ ਤਾਕਤਾਂ ਨੂੰ ਇਸ ਘਿਣਾਉਣੀ ਕਾਰਵਾਈ ਵਿਰੁੱਧ ਵਿਆਪਕ ਵਿਰੋਧ ਲਹਿਰ ਉਸਾਰਨ ਅਤੇ ਇਸ ਮੰਤਵ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ 'ਤੇ 30 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਵਿਚਾਰ-ਚਰਚਾ ਵਿਚ ਹੁਮ-ਹੁਮਾਕੇ ਪਹੁੰਚਣ ਦੀ ਅਪੀਲ ਕੀਤੀ ਹੈ।
Leave a Reply