ਜਨਗਣਨਾ 2027 ਦਾ ਪਹਿਲਾ ਪੜਾਅ ਅੱਜ ਤੋਂ ਸ਼ੁਰੂ, 30 ਸਤੰਬਰ ਤੱਕ ਜਾਰੀ
- ਦੇਸ਼
- (Asia/Kolkata)
ਜਨਗਣਨਾ 2027 ਦਾ ਪਹਿਲਾ ਪੜਾਅ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜੋ 30 ਸਤੰਬਰ 2026 ਤੱਕ ਚੱਲੇਗਾ। ਇਸ ਪੜਾਅ ਵਿੱਚ ‘ਘਰ ਸੂਚੀਕਰਨ’ ਦੇ ਤਹਿਤ ਘਰਾਂ ਦੀ ਗਿਣਤੀ ਕੀਤੀ ਜਾਵੇਗੀ। ਜਨਗਣਨਾ ਦਾ ਦੂਜਾ ਪੜਾਅ, ਜਿਸਨੂੰ ‘ਜਨਸੰਖਿਆ ਜਨਗਣਨਾ’ ਕਿਹਾ ਜਾਂਦਾ ਹੈ, ਫਰਵਰੀ 2027 ਵਿੱਚ ਕਰਵਾਇਆ ਜਾਵੇਗਾ। ਦੂਜੇ ਪੜਾਅ ਦੌਰਾਨ ਲੋਕਾਂ ਤੋਂ ਉਨ੍ਹਾਂ ਦੀ ਜਾਤ ਸਬੰਧੀ ਜਾਣਕਾਰੀ ਵੀ ਲਈ ਜਾਵੇਗੀ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਜਾਤੀ ਅਧਾਰਿਤ ਡੇਟਾ ਇਕੱਠਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਹ ਪ੍ਰਕਿਰਿਆ ਆਖਰੀ ਵਾਰ 1931 ਵਿੱਚ ਕੀਤੀ ਗਈ ਸੀ। ਇਸ ਵਾਰ ਜਨਗਣਨਾ ਪੂਰੀ ਤਰ੍ਹਾਂ ਡਿਜੀਟਲ ਢੰਗ ਨਾਲ ਕਰਵਾਈ ਜਾਵੇਗੀ। ਕਰਮਚਾਰੀ ਮੋਬਾਈਲ ਐਪ ਰਾਹੀਂ ਸਿੱਧੇ ਆਪਣੇ ਸਮਾਰਟਫੋਨ ‘ਤੇ ਡੇਟਾ ਇਕੱਠਾ ਕਰਨਗੇ। ਪਹਿਲਾਂ ਇਹ ਡੇਟਾ ਕਾਗਜ਼ ‘ਤੇ ਦਰਜ ਕੀਤਾ ਜਾਂਦਾ ਸੀ ਅਤੇ ਬਾਅਦ ਵਿੱਚ ਡਿਜੀਟਲ ਕੀਤਾ ਜਾਂਦਾ ਸੀ, ਜਿਸ ਨਾਲ ਕਾਫ਼ੀ ਸਮਾਂ ਲੱਗਦਾ ਸੀ। ਜਨਗਣਨਾ ਪ੍ਰਕਿਰਿਆ ਨੂੰ ਹਾਈ-ਟੈਕ ਬਣਾਇਆ ਗਿਆ ਹੈ। ਘਰਾਂ ਦੀ ਗਿਣਤੀ ਦੌਰਾਨ ਭੂ-ਸੰਦਰਭ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਹਰ ਘਰ ਦੀ ਸਥਿਤੀ ਡਿਜੀਟਲ ਨਕਸ਼ੇ ‘ਤੇ ਦਰਜ ਹੋਵੇਗੀ। ਇਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਘਰ ਛੁੱਟ ਨਾ ਜਾਵੇ ਅਤੇ ਕਿਸੇ ਦੀ ਦੁਬਾਰਾ ਗਿਣਤੀ ਨਾ ਹੋਵੇ। ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਜੇਕਰ ਸਰਵੇਖਣ ਦੌਰਾਨ ਕੋਈ ਕਰਮਚਾਰੀ ਆਮਦਨ, ਬੈਂਕ ਬੈਲੇਂਸ, ਆਧਾਰ, ਪੈਨ ਜਾਂ ਕਿਸੇ ਹੋਰ ਦਸਤਾਵੇਜ਼ ਬਾਰੇ ਜਾਣਕਾਰੀ ਮੰਗੇ ਜਾਂ ਬੈਂਕ ਖਾਤੇ ਦੇ ਵੇਰਵੇ ਅਤੇ OTP ਪੁੱਛੇ, ਤਾਂ ਉਹ ਅਜਿਹੀ ਜਾਣਕਾਰੀ ਸਾਂਝੀ ਨਾ ਕਰਨ। ਦੋਵਾਂ ਪੜਾਵਾਂ ਵਿੱਚ ਪਹਿਲੀ ਵਾਰ ਸਵੈ-ਗਣਨਾ ਦੀ ਔਨਲਾਈਨ ਸਹੂਲਤ ਵੀ ਦਿੱਤੀ ਗਈ ਹੈ। ਲੋਕ ਵੈੱਬ ਪੋਰਟਲ ਰਾਹੀਂ ਘਰ-ਘਰ ਸਰਵੇਖਣ ਤੋਂ 15 ਦਿਨ ਪਹਿਲਾਂ ਆਪਣੀ ਜਾਣਕਾਰੀ ਖੁਦ ਦਰਜ ਕਰ ਸਕਣਗੇ। ਇਹ ਪੋਰਟਲ 16 ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਹ ਸਹੂਲਤ ਪੂਰੀ ਤਰ੍ਹਾਂ ਵਿਕਲਪਿਕ ਹੈ। ਜੇਕਰ ਕੋਈ ਵਿਅਕਤੀ ਸਵੈ-ਗਣਨਾ ਨਹੀਂ ਕਰਦਾ, ਤਾਂ ਸਰਕਾਰੀ ਕਰਮਚਾਰੀ ਘਰ ਆ ਕੇ ਰਵਾਇਤੀ ਢੰਗ ਨਾਲ ਡੇਟਾ ਇਕੱਠਾ ਕਰਨਗੇ। ਔਨਲਾਈਨ ਫਾਰਮ ਭਰਨ ਵਾਲਿਆਂ ਦੇ ਘਰਾਂ ਦਾ ਵੀ ਕਰਮਚਾਰੀ ਪੁਸ਼ਟੀ ਲਈ ਦੌਰਾ ਕਰਨਗੇ। ਜਨਗਣਨਾ ਵਿੱਚ ਕੁਝ ਖਾਸ ਨਿਯਮ ਵੀ ਲਾਗੂ ਕੀਤੇ ਗਏ ਹਨ। ਲੰਬੇ ਸਮੇਂ ਤੋਂ ਇਕੱਠੇ ਰਹਿ ਰਹੇ ਲਿਵ-ਇਨ ਜੋੜਿਆਂ ਨੂੰ ‘ਵਿਆਹੁਤਾ ਜੋੜਾ’ ਮੰਨਿਆ ਜਾਵੇਗਾ। ਮੋਬਾਈਲ ਫੋਨ ਵਿੱਚ ਮੌਜੂਦ ਐਫਐਮ ਰੇਡੀਓ ਨੂੰ ‘ਰੇਡੀਓ’ ਵਜੋਂ ਦਰਜ ਕੀਤਾ ਜਾਵੇਗਾ, ਜਦਕਿ ਮੋਬਾਈਲ ‘ਤੇ ਯੂਟਿਊਬ ਦੇਖਣ ਨੂੰ ‘ਟੀਵੀ’ ਨਹੀਂ ਮੰਨਿਆ ਜਾਵੇਗਾ। ਟਰੈਕਟਰਾਂ ਨੂੰ ਕਾਰ ਜਾਂ ਜੀਪ ਦੀ ਸ਼੍ਰੇਣੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਅਤੇ ਈ-ਰਿਕਸ਼ਾ ਜਾਂ ਆਟੋਮੋਬਾਈਲ ਨੂੰ ਵੀ ਕਾਰ ਜਾਂ ਬਾਈਕ ਨਹੀਂ ਮੰਨਿਆ ਜਾਵੇਗਾ। ਪਾਣੀ ਦੇ ਮਾਮਲੇ ਵਿੱਚ, ਜੇ ਘਰ ਵਿੱਚ ਨਲ ਹੋਣ ਦੇ ਬਾਵਜੂਦ ਬੋਤਲਬੰਦ ਪਾਣੀ ਵਰਤਿਆ ਜਾਂਦਾ ਹੈ, ਤਾਂ ਉਸਨੂੰ ‘ਬੋਤਲਬੰਦ ਪਾਣੀ’ ਵਜੋਂ ਦਰਜ ਕੀਤਾ ਜਾਵੇਗਾ। ਇਸੇ ਤਰ੍ਹਾਂ, ਰਸੋਈ ਨੂੰ ਤਦ ਹੀ ਵੱਖਰੇ ਤੌਰ ‘ਤੇ ਦਰਜ ਕੀਤਾ ਜਾਵੇਗਾ ਜੇਕਰ ਉਹ ਘਰ ਦੇ ਰਹਾਇਸ਼ੀ ਹਿੱਸੇ ਤੋਂ ਅਲੱਗ ਹੋਵੇ।
Leave a Reply